Thursday, November 4, 2021

ਇਕ ਕੁੜੀ ਦੀ ਗੁਪਤ ਡਾਇਰੀ , ਕਿਤਾਬ

" ਇਕ ਕੁੜੀ ਦੀ ਗੁਪਤ ਡਾਇਰੀ " 
ਸ਼ਸ਼ੀ ਸਮੁੰਦਰਾ ਦੀ ਹੱਡ ਬੀਤੀ ਹੈ। 
ਇਕ ਕੁੜੀ ਜੋ ਆਪਣੇ ਪਿਓ ਦੀ ਬੇਇੰਤਹਾ ਕੁੱਟ ਦਾ ਸ਼ਿਕਾਰ ਹੈ, ਜੋ ਮੁੰਡਿਆਂ ਨਾਲ ਸੂਏ ਤੇ ਨਹਾਉਣਾ ਚਾਹੁੰਦੀ ਹੈ, ਉਸਦੇ ਵੀ ਕਈ ਸੁਪਨੇ ਨੇ ਜੋ ਹਰ ਕੁੜੀ ਦੇ ਹੁੰਦੇ ਨੇ 
ਪਰ ਛੋਟੀ ਉਮਰ ਚ ਉਹ ਕਿਸੇ ਦੀ ਵਾਸਨਾ ਦਾ ਸ਼ਿਕਾਰ ਹੋ ਗਈ ਜਿਸ ਕਰਕੇ ਉਸਦੇ ਅਚੇਤ ਮਨ ਚ ਉਮਰ ਭਰ ਦਾ ਡਰ ਬੈਠ ਗਿਆ। 

ਅਜਿਹਾ ਬਹੁਤ ਸਾਰੀਆਂ ਕੁੜੀਆਂ ਨਾਲ ਬਚਪਨ ਚ ਹੁੰਦਾ ਹੈ ਪਰ ਬਹੁਤ ਸਾਰੀਆਂ ਕੁੜੀਆਂ ਤਾਂ ਇਸ ਡਰ ਕਰਕੇ ਨਹੀਂ ਦੱਸਦੀਆਂ ਕਿ ਗ਼ਲਤੀ ਉਸੇ ਦੀ ਹੀ ਕੱਢੀ ਜਾਵੇਗੀ। 
ਇਹ ਕਿਤਾਬ ਉਹਨਾਂ ਕੁੜੀਆਂ ਨੂੰ ਸਮਝਾਉਣ ਲਈ ਵੀ ਹੈ ਕਿ ਇਹ ਸਭ ਉਹ ਜਾਗ੍ਰਿਤ ਰਹਿਣ, ਹੁਸ਼ਿਆਰ ਰਹਿਣ।

ਹੋ ਸਕਦਾ ਹੈ ਕਈ ਲੋਕਾਂ ਨੂੰ ਇਹ ਕਿਤਾਬ ਅਸ਼ਲੀਲ ਲੱਗੇ ਪਰ ਮੇਰਾ ਸਵਾਲ ਹੈ ਉਸ ਵੇਲੇ ਅਸ਼ਲੀਲਤਾ ਕਿੱਥੇ ਜਾਂਦੀ  ਹੈ ਜਦੋਂ ਸੰਜੂ ਫਿਲਮ ਚ ਸੰਜੇ ਦੱਤ ਕਹਿੰਦਾ ਹੈ ਉਸਨੇ 300 ਦੇ ਲੱਗਭਗ ਕੁੜੀਆਂ ਨਾਲ ਸ਼ਰੀਰਿਕ ਸੰਬੰਧ ਬਣਾਏ? ਉਸਨੂੰ ਸਮਾਜ ਵਿਚ ਇੱਜ਼ਤ ਮਿਲ ਰਹੀ ਹੈ ਕਿਉਂਕਿ ਉਹ ਆਦਮੀ ਹੈ।
 ਆਦਮੀ ਨੇ ਦੁਨੀਆ ਦੇ ਲਗਭਗ  ਸਾਰੇ ਗਰੰਥ ਲਿਖੇ ਨੇ ਅਤੇ ਉਸਨੇ ਆਪਣੇ ਆਪ ਨੂੰ ਮਹਾਨ ਲਿਖ ਲਿਆ ਹੈ, ਇਸ ਵਿਚ ਕੀ ਮਹਾਨਤਾ ਹੈ? 

ਮੈਂ ਇਕ ਜਗ੍ਹਾ ਪੜ੍ਹ ਰਿਹਾ ਸੀ ਕਿ ਆਦਮੀ ਔਰਤ ਤੋਂ ਡਰਦਾ ਹੈ ਉਸੇ ਲਈ ਉਹ ਔਰਤ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਤੇ ਉਸ ਤੇ ਜੁਲਮ ਕਰਦਾ ਹੈ।
ਔਰਤ ਆਦਮੀ ਤੋਂ ਤਕਰੀਬਨ ਪੰਜ ਸਾਲ ਜ਼ਿਆਦਾ ਉਮਰ ਭੋਗ ਕੇ ਜਾਂਦੀ ਹੈ ਕਿਉਂਕਿ ਉਹ ਦਿਲ ਦੀ ਮਜ਼ਬੂਤ ਹੈ। 
ਇਸਦੇ ਹੋਰ ਵੀ ਕਈ ਕਾਰਨ ਨੇ ਜਿਵੇਂ ਉਸਦੇ ਚੌਵੀ ਕਰੋਮੋਸੋਮ ਹੋਣ ਕਰਕੇ ਉਹ ਆਦਮੀ ਤੋਂ ਜ਼ਿਆਦਾ ਬੈਲੇਂਸ ਹੈ ਆਦਮੀ ਦੇ ਤੇਈ ਕਰੋਮੋਸੋਮ ਨੇ ਇਸ ਲਈ ਉਹ ਜ਼ਿਆਦਾ ਦੁਖੀ  ਰਹਿੰਦਾ ਹੈ ।
ਔਰਤ ਨੂੰ ਹਰ ਮਹੀਨੇ ਮਹਾਂਵਾਰੀ ਆਉਂਦੀ ਹੈ ਜਿਸ ਕਰਕੇ ਉਸਦੇ ਸ਼ਰੀਰ ਦੇ ਕਈ ਵਿਕਾਰ ਨਿਕਲ ਜਾਂਦੇ ਨੇ।
 
ਆਦਮੀ ਦੀ ਦੋਗਲੀ ਸੋਚ ਹੈ।  ਮੰਟੋ ਕਹਿੰਦਾ ਹੈ ਜੇ ਤੁਹਾਨੂੰ ਮੇਰੀਆਂ ਕਹਾਣੀਆਂ ਅਸ਼ਲੀਲ ਤੇ ਗੰਦੀਆਂ ਲੱਗਦੀਆਂ ਨੇ  ਤਾਂ ਜਿਸ ਸਮਾਜ ਚ ਤੁਸੀਂ ਰਹਿ ਰਹੇ ਹੋ ਤਾਂ ਉਹ ਅਸ਼ਲੀਲ ਤੇ ਗੰਦਾ ਹੈ ।

ਹਰਿਸ਼ੰਕਰ ਪਰਸਾਈ ਲਿਖਦੇ ਨੇ ਇਕ ਕੁੜੀ ਜੋ 
12 ਜਾਂ 13 ਸਾਲ ਦੀ ਹੈ ਉਸਨੂੰ ਲੋਕ ਘੂਰ ਘੂਰ ਕੇ ਜਵਾਨ ਕਰ ਦਿੰਦੇ ਨੇ। 
ਪਰ ਇਹ ਆਦਤ ਕਿਉਂ ਹੈ ਇਸ ਬਾਰੇ ਕਈ ਮਨੋਵਿਗਿਆਨੀ ਵਿਸ਼ਲੇਸ਼ਣ ਕਰ ਚੁੱਕੇ ਨੇ।
 
ਓਸ਼ੋ ਨੇ ਕਿਹਾ ਹੈ
ਇਸਤਰੀ ਸੁੰਦਰ ਹੈ, ਇਸ ਲਈ ਪ੍ਰੇਮ ਹੋਇਆ ਤਾਂ ਉਹ ਵਾਸਨਾ ਹੈ, 
ਇਸਤਰੀ ਨਾਲ ਪ੍ਰੇਮ ਹੋਇਆ ਤਾਂ ਉਹ ਸੁੰਦਰ ਹੋਈ ਤਾਂ ਯਕੀਨਨ ਉਹ ਪ੍ਰੇਮ ਹੈ। 

ਕਿਤਾਬ ਦਾ ਫੋਂਟ ਵੀ ਅਲੱਗ ਕਿਸਮ ਦਾ ਹੈ ।
ਕਿਤਾਬ ਵਿਚਲੀ ਭਾਸ਼ਾ ਮਾਲਵੇ ਦੀ ਜਿਸ ਵਿਚ ਸੂਆ, ਨਹਿਰ ,ਖੇਤਾਂ ਦਾ ਪੜਕੇ ਪੰਜਾਬ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ।
ਕਿਤਾਬ ਭਾਸ਼ਾ ਵੀ ਓਹੀ ਹੈ ਜੋ ਆਮ ਬੋਲੀ ਜਾ ਰਹੀ ਹੈ ਉਸ ਵਿਚ ਕੋਈ ਲਾਗ ਲਗਾਵ ਨਹੀਂ  ਜਿਸ ਕਰਕੇ ਕਿਤਾਬ ਅਲੱਗ ਲੱਗਦੀ ਹੈ। 
ਇਹ ਕਿਤਾਬ ਉਹ ਚੀਕ ਹੈ ਜੋ ਕੁੜੀ ਮਾਰ ਰਹੀ ਹੈ ਜਿਸ ਦੇ ਮੂੰਹ ਤੇ ਸਮਾਜ ਦੇ ਠੇਕੇਦਾਰਾਂ ਨੇ ਹੱਥ ਰੱਖਿਆ ਹੋਇਆ ਹੈ ਕਿ ਉਹ ਲੋਕਾਂ ਦੇ ਕੰਨਾਂ ਵਿਚ ਨਾ ਪੈ ਜਾਵੇ ਕਿ ਉਹਨਾਂ ਦੀਆਂ ਝੂਠੀਆਂ ਰਸਮਾਂ ਢਹਿ ਢੇਰੀ ਨਾ ਹੋ ਜਾਣ।

ਪ੍ਰਕਾਸ਼ਨ ਸੂਰਜਾਂ ਦੇ ਵਾਰਿਸ, 
ਕੀਮਤ 180 ਰੁਪ ਏ
ਸਫੇ 116 

ਫਿਰ ਮਿਲਾਂਗਾ ਨਵੀਂ ਕਿਤਾਬ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ
30.10.2020

No comments:

Post a Comment