ਸਤਿੰਦਰ ਸਰਤਾਜ ਦਾ ਗੀਤ ਹੈ
"ਔਖੇ ਸੌਖੇ ਹੋ ਕੇ ਜਦੋਂ
ਭੇਜਿਆ ਸੀ ਮਾਪਿਆਂ ਨੇ
ਸੁਫਨੇ ਉਹ ਪੂਰੇ ਦੱਸੀਂ ਹੋਏ ਕਿ ਨਹੀਂ,
ਜੀ, ਥੋਡੇ ਬਾਪੂ ਜੀ ਵੀ ਪੁੱਛਦੇ ਸੀ
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ
ਥੋਡੇ ਬਾਪੂ ਜੀ ਵੀ ਪੁੱਛਦੇ ਸੀ
ਮੈਥੋਂ ਤਾਂ ਨਹੀਂ ਵੇਖ ਹੋਏ
ਹੱਥ ਜੋੜੇ ਓਹਨਾਂ ਦੇ ਵੀ
ਥੱਕੀ ਟੁੱਟੀ ਆਸ ਨਾਲ ਹਾਲ ਪੁੱਛਿਆ ਨੀ
ਮੈਨੂੰ ਆਇਆ ਨਹੀਂ ਜਵਾਬ ਉਦੋਂ
ਸੀਨੇ ਨਾਲ ਲਾਉਣ ਦਾ ਸੁਆਦ ਪੁੱਛਿਆ "
ਰੋਟੀ ਤੇ ਵਧੀਆ ਜੀਵਨ ਜਿਊਣ ਦੀ ਚਾਹਤ ਸਾਨੂੰ ਪ੍ਰਦੇਸਾਂ ਦੇ ਧੱਕੇ ਖਾਣ ਤੇ ਮਜਬੂਰ ਕਰਦੀ ਹੈ। ਇਹ ਗੀਤ ਉਸ ਦੁਖਾਂਤ ਨੂੰ ਦਰਸਾਉਂਦਾ ਹੈ।
ਮੈਂ ਵੀ ਆਪਣੇ ਪਿੰਡ ਪੁਰਹੀਰਾਂ , ਹੁਸ਼ਿਆਰਪੁਰ ਤੋਂ ਪੰਜ ਸੌ ਕਿਲੋਮੀਟਰ ਦੂਰ ਰੁਦਰਪੁਰ, ਉਤਰਾਖੰਡ ਚ ਹਾਂ। ਬਾਪੂ ਗੁਰਬਖ਼ਸ਼ ਜੱਸ ਨਾਲ ਪਿਉ ਪੁੱਤ ਵਾਲਾ ਰਿਸ਼ਤਾ ਤਾਂ ਹੈ ਪਰ ਨਾਲ ਦੇ ਨਾਲ ਵਿਚਾਰਾਂ ਦੀ ਸਾਂਝ ਵੀ ਰਹੀ।
ਜਦ ਵੀ ਮਿਲਣਾ ਇੰਝ ਗੱਲ੍ਹਾਂ ਹੋਣੀਆਂ ਜਿਵੇਂ ਬਹੁਤ ਪੁਰਾਣੇ ਮਿੱਤਰ ਮਿਲੇ ਹੋਣ।
ਪਹਿਲਾਂ ਬਾਪੂ ਜੀ ਕਾਮਰੇਡ ਰਹੇ, ਸਰਦਲ ਦੀ ਸੰਪਾਦਕੀ ਕੀਤੀ, ਘਰ ਚ ਪਲਸ ਮੰਚ ਦੀਆਂ ਮੀਟਿੰਗਾਂ ਹੋਣੀਆਂ, ਨਾਟਕਾਂ ਦੀ ਰਿਹਰਸਲ ਹੋਣੀ।
ਫਿਰ ਉਹ ਓਸ਼ੋ ਨੂੰ ਪੜ੍ਹਨ ਲੱਗੇ ਤਾਂ ਸਾਰੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਇਹ ਤਾਂ ਸੈਕਸ ਗੁਰੂ ਹੈ। ਓਹਨਾਂ ਵਿਰੋਧ ਕਰਨ ਵਾਲਿਆਂ ਚ ਮੈਂ ਵੀ ਸਾਂ। ਪਰ ਮੈਂ ਓਸ਼ੋ ਨੂੰ ਪੜ੍ਹਨ ਲੱਗਾ ਤਾਂ ਵੇਖਿਆ ਉਹ ਕੀ ਕਹਿੰਦਾ ਹੈ ?
"ਓਸ਼ੋ ਇੱਕ ਚਿੰਗਾਰੀ ਪੈਦਾ ਕਰਦਾ ਹੈ, ਜੋ ਸਾਡੀਆਂ ਮਾਣਤਾਵਾਂ ਤੇ ਸੰਸਕਾਰਾਂ ਨੂੰ ਜਲਾ ਦਿੰਦਾ ਹੈ। ਅਸੀਂ ਚੀਜ਼ਾਂ ਨੂੰ ਬਿਨਾ ਕਿਸੇ ਚਸ਼ਮੇ ਤੋਂ ਵੇਖੀਏ ਜਿਵੇਂ ਕਿ ਉਹ ਅਸਲ ਚ ਨੇ। ਸਭ ਤੋਂ ਵੱਡੀ ਗੱਲ ਓਸ਼ੋ ਕਹਿੰਦਾ ਕੇ ਉਸ ਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ।"
ਫਿਰ ਦੋਹਾਂ ਦੀ ਓਸ਼ੋ ਸੰਨਿਆਸ ਦੀ ਦੀਕਸ਼ਾ ਲਈ ਸੁੰਦਰਨਗਰ ਹਿਮਾਚਲ ਚ। ਘਰ ਚ ਇਕੱਠਿਆਂ ਨੇ ਧਿਆਨ ਕਰਨਾ।
ਬਾਪੂ ਜੀ ਨੇ ਪ੍ਰਾਣਾਯਾਮ ਕਰਨਾ ਹਰ ਸੇਵਰ।
ਮੈਂ ਬਾਰ੍ਹਵੀਂ ਜਮਾਤ ਚ ਫੇਲ ਹੋ ਗਿਆ ਮਾੜੀ ਸੰਗਤ ਕਰਕੇ। ਫਿਰ ਬਠਿੰਡਾ ਪਲੀਟੈਕਨਿਕ ਚ ਦਾਖਲਾ ਲਿਆ ਉਸ ਪਿੱਛੋਂ ਵੀ ਨੌਕਰੀ ਟਿਕ ਕੇ ਨਾ ਕਰਨੀ, ਮੈਨੇਜਰ ਨਾਲ ਲਡ਼ ਪੈਣਾ, ਖੂਨ ਚ ਕਾਮਰੇਡੀ ਜੋ ਸੀ। ਫਿਰ ਮਿੱਤਰ ਪੰਕਜ ਬੱਤਾ ਨੇ ਕਿਹਾ, ਹਰ ਮੈਨੇਜਰ ਤਾਂ ਮਾੜਾ ਨਹੀਂ ਹੋ ਸਕਦਾ ਤੂੰ ਆਪਣੇ ਵੱਲ ਵੀ ਗੌਰ ਕਰ। ਹੋ ਸਕਦਾ ਤੂੰ ਵੀ ਗਲਤ ਹੋਵੇਂ। ਫਿਰ ਪਤਾ ਲੱਗਾ ਅਸੀਂ ਪੂਰਾ ਸਿਸਟਮ ਤਾਂ ਨਹੀਂ ਬਦਲ ਸਕਦੇ ਪਰ ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਤੇ ਜੋ ਨਤੀਜਾ ਮੈਨਜਮੈਂਟ ਨੂੰ ਚਾਹੀਦਾ ਹੈ ਉਹ ਦਈਏ ਤਾਂ ਹੀ ਤਨਖਾਹ ਮਿਲੇਗੀ ਤੇ ਨੌਕਰੀ ਚਲੱਗੀ। ਪਰ ਕੰਮ ਕਰਦੇ ਹੋਏ ਮਨੁੱਖੀ ਭਾਵਨਾਵਾਂ ਦਾ ਖ਼ਿਆਲ ਰੱਖੀਏ।
ਜੀਵਨ ਚ ਕਈ ਕੰਮ ਕੀਤੇ, ਕਾਮਯਾਬ ਨਾ ਹੋਇਆ ਪਰ ਬਾਪੂ ਜੀ ਨੇ ਕਦੇ ਪ੍ਰੇਸ਼ਾਨ ਨਹੀਂ ਹੋਏ। ਓਹਨਾਂ ਕਦੇ ਕੁੱਟਿਆਂ ਨਹੀਂ, ਇਹ ਨਹੀਂ ਕਿਹਾ, ਤੂੰ ਇਹ ਕੀ ਕੀਤਾ?
ਬਸ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਬਾਹਰਲੇ ਮੁਲਕ ਜਾਕੇ ਸੈੱਟ ਹੋ ਜਾਵਾਂ। ਉਸ ਲਈ ਕੁਝ ਕੋਸ਼ਿਸ਼ ਕੀਤੀ , ਫ਼੍ਰੈਂਚ ਭਾਸ਼ਾ ਸਿੱਖੀ ਪਰ ਬਾਹਰ ਜਾਣ ਦਾ ਫੈਸਲਾ ਤਿਆਗ ਦਿੱਤਾ ਕਿਉਕਿਂ ਸ਼ੁਰੂ ਤੋਂ ਹੀ ਮੈਨੂੰ ਗੱਲਾਂ ਕਰਨ ਦਾ ਸ਼ੌਂਕ ਹੈ। ਮੈਂ ਸੋਚਿਆ ਬਾਹਰਲੇ ਮੁਲਕ ਤਾਂ ਕਿਸੇ ਕੋਲ ਆਪਣੇ ਲਈ ਵੀ ਸਮਾਂ ਹੀ ਨਹੀਂ , ਉਹ ਤੇਰੇ ਨਾਲ ਕੀ ਗਲ੍ਹਾਂ ਕਰਨਗੇ। ਸੋਚਿਆ ਮੈਂ ਤਾਂ ਉੱਥੇ ਜਾ ਕੇ ਅੱਧਾ ਕੁ ਉੰਝ ਹੀ ਮਰ ਹੀ ਜਾਵਾਂਗਾ।
ਬਾਪੂ ਜੀ ਆਪਣੀਆਂ ਕਿਤਾਬ ਤੇ ਸਾਹਿਤ ਦੇ ਸੰਸਾਰ ਚ ਹਮੇਸ਼ਾ ਗੁਆਚੇ ਰਹਿੰਦੇ। ਮੈਂ ਘਰੋਂ ਬਾਹਰ ਹੀ ਰਿਹਾ। ਜਦ ਘਰ ਜਾਣਾ ਤਾ ਬੇਬੇ ਨੇ ਕਹਿਣਾ, ਫਲਾਣੇ ਰਿਸ਼ਤੇਦਾਰ ਕੋਲ ਜਾਕੇ ਆ। ਮੈਂ ਬਾਪੂ ਦੇ ਦੋਸਤ ਰਾਕਸ਼ਪਾਲ ਹੋਰਾਂ ਨੂੰ ਮਿਲਣ ਜਾਣਾ ਆ ਕਿਤੇ ਹੋਰ ਤਾਂ ਬਾਪੂ ਜੀ ਨੇ ਕਹਿਣਾ ਤੂੰ ਘੁੱਮਣ ਜਾ, ਰਿਸ਼ਤੇਦਾਰਾਂ ਕੋਲ ਮੈਂ ਆਪੇ ਹੀ ਜਾ ਆਊਂਗਾ।
ਇਸੇ ਕਾਰਨ ਮੇਰੇ ਤੇ ਬਾਪੂ ਦੇ ਦੋਸਤ ਬਹੁਤ ਨੇ।
ਹੁਣ ਉੱਤਰਾਖੰਡ ਚ ਹਾਂ।
ਜਦ ਬਾਪੂ ਦੀ ਤਬਿਅਤ ਖ਼ਰਾਬ ਹੋਣੀ ਤਾ ਭੱਜੇ ਭੱਜੇ ਪੰਜਾਬ ਜਾਣਾ। ਕਈ ਬਾਰ ਲੱਗਣਾ ਕੇ ਬਾਪੂ ਕੋਲ ਜਿਆਦਾ ਚਿਰ ਰਹਿ ਨਹੀਂ ਪਾਉਂਦਾ ਪਰ ਇਹ ਸੋਚਦਾ ਜੇ ਕੈਨੇਡਾ ਹੁੰਦਾ ਤਾਂ ਕਿਥੋਂ ਆ ਹੋਣਾ ਸੀ?
ਬਜ਼ੁਰਗ ਪੰਜਾਬ ਛੱਡਕੇ ਨਹੀਂ ਜਾ ਰਹੇ। ਬਾਪੂ ਜੀ ਦੇ ਇਕ ਮਿੱਤਰ ਕਾਲੀਆ ਮਾਸਟਰ ਜੀ ਜੋ ਸਾਨੂੰ ਸਰਕਾਰੀ ਸਕੂਲ ਘੰਟਾਘਰ, ਹੁਸ਼ਿਆਰਪੁਰ ਚ ਪੜਾਉਂਦੇ ਸੀ। ਜਦ ਉਹ ਰਿਟਾਇਰ ਹੋ ਗਏ ਤਾਂ ਇੱਕ ਦਿਨ ਹੁਸ਼ਿਆਰਪੁਰ ਬਾਇਪਾਸ ਤੇ ਮਿਲੇ ਉਹ ਕਹਿੰਦੇ " ਸਾਰੀ ਉਮਰ ਹੁਸ਼ਿਆਰਪੁਰ ਹੀ ਕੱਟੀ ਹੁਣ ਬਾਹਰ ਜਾਕੇ ਬੱਚਿਆਂ ਕੋਲ ਰਹਿਣਾ ਔਖਾ ਲੱਗਦਾ।"
ਮੈਂ ਵੀ ਬਾਹਰਕੇ ਮੁਲਕ ਇਸ ਕਰਕੇ ਵੀ ਨਹੀਂ ਗਿਆ ਕਿ ਸੋਚਣਾ ਖਾਣੀਆਂ ਤਾਂ ਰੋਟੀਆਂ ਹੀ ਨੇ ਸੋਨਾ ਤਾਂ ਖਾ ਨਹੀਂ ਲੈਣਾ। ਇੱਥੇ ਸਮਾਂ ਤਾਂ ਹੈ ਆਪਣੇ ਲਈ।
ਇਹੀ ਗੱਲ ਮੈਂ ਆਪਣੇ ਇਕ ਮਿੱਤਰ ਨਾਲ ਕਰ ਰਿਹਾ ਸੀ ਜਿਸ ਨੂੰ ਬਿਜ਼ਨਸ ਚ ਲੱਖਾਂ ਦਾ ਘਾਟਾ ਪਿਆ ਤਾਂ ਉਸਨੇ ਕਿਹਾ , "ਤੂੰ ਇਹ ਗੱਲ ਪਹਿਲਾਂ ਜਾਣ ਗਿਆ, ਕਿ ਖਾਣੀਆਂ ਤਾਂ ਰੋਟੀਆਂ ਹੀ ਸੋਨਾ ਖਾ ਤਾਂ ਨਹੀਂ ਲੈਣਾ। ਮੈਂ ਇਹ ਗੱਲ ਘਾਟਾ ਖਾਕੇ ਸਿੱਖੀ। ਜਦ ਬਹੁਤ ਕੰਮ ਹੁੰਦਾ ਸੀ ਤਾਂ ਸਾਰੀ ਦਿਹਾੜੀ ਫੋਨ ਵੱਜਦਾ ਰਹਿਣਾ। ਜਦ ਪਹਿਲਾਂ ਪਹਿਲ ਬਾਹਰਲੇ ਮੁਲਕ ਆਇਆ ਤਾਂ ਦੋ ਸੌ ਡਾਲਰ ਦਾ ਚਲਾਨ ਹੋਇਆ। ਲੱਗਾ ਬਹੁਤ ਵੱਡਾ ਨੁਕਸਾਨ ਹੋਇਆ। ਫਿਰ ਜਦ ਕੰਮ ਵੱਧ ਗਿਆ ਤਾਂ ਦੋ ਹਜ਼ਾਰ ਦਾ ਵੀ ਚਲਾਨ ਹੋਇਆ ਪਰ ਉਦੋਂ ਮਹਿਸੂਸ ਨਹੀਂ ਹੋਇਆ ਕਿਉਂਕਿ ਕੰਮ ਬਹੁਤ ਜਿਆਦਾ ਸੀ ਤੇ ਕਮਾਈ ਵੀ। ਪਰ ਜਦ ਕੰਮ ਚ ਘਾਟਾ ਪਿਆ ਤਾਂ ਪਤਾ ਲੱਗਾ,ਖਾਣੀਆਂ ਤਾਂ ਕਣਕ ਦੀਆਂ ਰੋਟੀਆਂ ਨੇ, ਸੋਨਾ ਤਾਂ ਖਾ ਨਹੀਂ ਲੈਣਾ।"
ਇਹ ਗੱਲ ਆਮ ਲੋਕਾਂ ਨੂੰ ਉਦੋਂ ਪਤਾ ਲੱਗਦੀ ਜਦ ਉਹ ਮੌਤ ਕੰਡੇ ਪਾਏ ਹੁੰਦੇ ਨੇ ਬਹੁਤਿਆਂ ਨੂੰ ਤਾਂ ਮੌਤ ਤਕ ਵੀ ਇਹ ਸੱਚ ਪਤਾ ਨਾ ਚੱਲਦਾ ਉਹ ਮਾਇਆ ਚ ਭਟਕਦੇ ਰਹਿੰਦੇ ਨੇ।
ਇੱਥੇ ਭਾਰਤ ਚ ਸਾਂ ਤੇ ਉਹਨਾਂ ਕੋਲ ਜਦ ਬਾਪੂ ਜੀ ਮੇਰੇ ਹੀ ਹੱਥਾਂ ਇਸ ਸੰਸਾਰ ਤੋਂ ਵਿਦਾ ਹੋਏ ਪਰ ਜੇ ਮੈਂ ਬਾਹਰਲੇ ਮੁਲਕ ਚ ਹੁੰਦਾ ਤਾਂ ਕੋਲ ਨਾ ਹੁੰਦਾ ਇਸ ਗੱਲ ਦਾ ਮਲਾਲ ਸਾਰੀ ਉਮਰ ਰਹਿਣਾ ਸੀ।
ਦੁਨੀਆ ਭਰ ਚ ਮੇਰੇ ਮਿੱਤਰ ਨੇ, ਸਾਹਿਤ ਹੈ, ਸੋਚ ਹੈ...... ਮੈਂ ਇਹ ਸੋਚਦਾ ਇਹ ਸਭ ਬਾਪੂ ਦੇ ਸਾਹਿਤ ਕਰਕੇ ਸੰਭਵ ਹੋ ਸਕਿਆ।
ਹੁਣ ਬਾਪੂ ਸਰੀਰਿਕ ਰੂਪ ਚ ਨਹੀਂ ਪਰ ਆਪਣੇ ਅੰਦਰ ਮੈਂ ਉਹਨਾਂ ਨੂੰ ਹੀ ਪਾਉਂਦਾ ਹਾਂ।
ਤਸਵੀਰ ਇਸੇ ਸਾਲ ਜਦੋਂ Jasvir Begampuri ਹੋਰੀਂ ਸਾਡੇ ਘਰ ਮਿਲਣ ਆਏ।
ਰਜਨੀਸ਼ ਜੱਸ
ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ
ਅੱਜਕੱਲ ਰੋਟੀ ਤੇ ਵਧੀਆ ਜੀਵਨ ਲਈ
No comments:
Post a Comment