ਅੱਜ ਕਰਵਾਚੌਥ ਹੈ ਤੇ ਔਰਤਾਂ ਦੀ ਗੱਲ ਕਰਨੀ ਜ਼ਰੂਰੀ ਹੈ। "ਮੈਨੂੰ ਛੁੱਟੀ ਚਾਹੀਦੀ ਐ",
(ਇਕ ਔਰਤ ਦੀ ਡਾਇਰੀ) ਸਪਨਾ ਚਾਮੜੀਆਂ ਦੀ ਕਿਤਾਬ ਹੈ ਜਿਸਦਾ ਪੰਜਾਬੀ ਰੂਪਾਂਤਰਣ ਨੀਤੂ ਅਰੋੜਾ ਨੇ ਕੀਤਾ ਹੈ।
ਇਹ ਕਿਤਾਬ ਹਰ ਮੁੰਡੇ, ਜਵਾਨ, ਬੁੱਢੇ ਨੂੰ ਪੜ੍ਹਨੀ ਚਾਹੀਦੀ ਹੈ ਕਿਓਂਕਿ ਔਰਤ ਨੂੰ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ। ਇਸ ਵਿਚ ਔਰਤ ਦਾ ਦਰਦ ਹੂਬਹੂ ਲਿਖ ਦਿੱਤਾ ਗਿਆ ਹੈ ਜੋ ਸ਼ਾਇਦ ਮਰਦ ਪ੍ਰਧਾਨ ਸਮਾਜ ਨੂੰ ਪਸੰਦ ਨਾ ਆਵੇ ਕਿਉਂਕਿ ਔਰਤ ਨੂੰ ਨਰਕ ਦਾ ਦੁਆਰ ਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਗਿਆ ਹੈ?
ਇਹ ਉਹੀ ਲੋਕ ਨੇ ਜੋ ਸਮਾਜ ਚ ਬਹੁਤ ਮਾਣ ਪਾਉਂਦੇ ਨੇ।
ਮੈਂ ਇੱਕ ਕਿਤਾਬ ਚ ਪਡ੍ਹ ਰਿਹਾ ਸੀ ਇੱਕ ਬਾਬਾ ਜੋ ਔਰਤਾਂ ਤੋਂ ਬਹੁਤ ਦੂਰ ਰਹਿੰਦਾ ਸੀ, ਜੇ ਕੋਈ ਔਰਤ ਗਲਤੀ ਨਾਲ ਉਸਨੂੰ ਛੂਹ ਲਵੇ ਤਾਂ ਉਹ ਕਈ ਦਿਨ ਵਰਤ ਰੱਖਦਾ ਸੀ, ਅਜਿਹੇ ਬਾਬੇ ਨੂੰ ਕੋਈ ਪੁੱਛੇ, ਤੇਰੇ ਅੰਦਰ 40 ਪ੍ਰਤੀਸ਼ਤ ਔਰਤ ਹੈ, ਤੂੰ ਔਰਤ ਦੀ ਕੁੱਖ ਚੋਂ ਜੰਮਿਆ ਹੈ। ਤੇਰੇ ਜਿਸਮ ਦਾ ਰੌਆਂ ਰੌਆਂ, ਖੂਨ ਹੱਡੀ ਸਭ ਕੁਝ ਤਾਂ ਔਰਤ ਤੋਂ ਪੈਦਾ ਹੋਇਆ ?
ਹਾਲਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, "ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨੁ।"
ਕਿਤਾਬ ਚ ਅਲੱਗ ਅਲੱਗ ਘਟਨਾਵਾਂ ਨੂੰ ਲੈਕੇ ਦੱਸਿਆ ਗਿਆ ਔਰਤ ਨੂੰ ਹਮੇਸ਼ਾ ਇਕ ਵਰਤਣ ਵਾਲੀ ਵਸਤੂ ਹੀ ਸਮਝਿਆ ਗਿਆ ਹੈ ਉਹ ਦੋ ਡੰਗ ਦੀ ਰੋਟੀ ਵਿਚ ਸਾਰਾ ਜੀਵਨ ਬਿਤਾ ਦਿੰਦੀ ਹੈ। ਇਹ ਸਭ ਕਰਦੇ ਉਹ ਆਪਣੇ ਸ਼ਰੀਰ ਨੂੰ ਸੁੰਦਰ ਬਣਾਉਣ ਦਾ ਯਤਨ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਜਦ ਤੱਕ ਉਹ ਸੁੰਦਰ ਹੈ ਤਦ ਤਕ ਉਸਦਾ ਪਤੀ ਉਸ ਵੱਲ ਆਕਰਸ਼ਿਤ ਰਹੇਗਾ।
ਜਿਵੇਂ ਸਾਹਿਬ ਬੀਵੀ ਔਰ ਗ਼ੁਲਾਮ ਫਿਲਮ ਚ ਇਕ
ਅਮੀਰ ਘਰ ਦੀ ਔਰਤ ਸ਼ਰਾਬ ਪੀਣ ਲੱਗ ਜਾਂਦੀ ਹੈ ਕਿਓਂਕਿ ਉਸਦਾ ਪਤੀ ਕੋਠੇ ਤੇ ਜਾਂਦਾ ਸੀ। ਉਹ ਚਾਹੁੰਦੀ ਸੀ ਉਹ ਉਸ ਕੋਲ ਰਹੇ ਪਰ ਫਿਰ ਵੀ ਉਹ ਕੋਠੇ ਵਾਲੀ ਕੋਲ ਹੀ ਜਾਂਦਾ ਹੈ।
ਕਿਤਾਬ ਵਿਚ ਔਰਤ ਦਾ ਦਿਲ ਕਰਦਾ ਹੈ ਜਦ ਬਾਰਿਸ਼ ਹੋ ਰਹੀ ਹੈ ਤਾਂ ਉਹ ਛੱਤ ਤੇ ਜਾਕੇ ਮੀਂਹ ਚ ਭਿੱਜ ਲਵੇ ਪਰ ਉਹ ਕੋਠੇ ਤੇ ਸੁੱਕੇ ਕੱਪੜੇ ਚੁੱਕ ਕੇ ਵਾਪਿਸ ਆ ਜਾਂਦੀ ਹੈ।
ਉਹ ਔਰਤਪਣ ਤੋਂ ਮੁਕਤੀ ਚਾਹੁੰਦੀ ਹੈ ਉਸਦੀ ਭਾਬੀ ਆਪਣੇ ਪਤੀ ਦੀਆਂ ਚੱਪਲਾਂ ਪੈਰ ਚ ਨਾ ਪਾਕੇ ਬਲਕਿ ਹੱਥ ਚ ਚੁੱਕ ਕੇ ਲਿਆਉਂਦੀ ਹੈ ਜੋ ਉਸਦੀ ਆਜ਼ਾਦੀ ਤੇ ਇਕ ਤਾਲਾ ਹੈ।
ਇਹ ਕਿਤਾਬ ਸਮਾਜ ਨੂੰ ਕਈ ਸਵਾਲ ਪੁੱਛਦੀ ਹੈ ਪਰ ਇਸਦਾ ਜਵਾਬ ਕਿਸੇ ਕੋਲ ਨਹੀਂ।
ਇਸ ਕਿਤਾਬ ਬਾਰੇ ਲੇਖਿਕਾ ਨੀਤੂ ਅਰੋੜਾ ਨੇ ਸੱਚੀਆਂ ਗੱਲਾਂ ਤੇ ਲਾਈਵ ਚ ਦੱਸਿਆ ਸੀ ਕਿ ਇਹ ਕਿਤਾਬ ਪੜ੍ਹਕੇ ਉਸਦੇ ਕਈ ਵਿਦਿਆਰਥੀ ਆਪਣੇ ਘਰ ਚ ਆਪਣੀ ਮਾਂ ਨਾਲ ਰਸੋਈ ਚ ਕੰਮ ਕਰਾਉਣ ਲੱਗੇ ਜੋ ਕੇ ਇਸ ਕਿਤਾਬ ਦੀ ਬਹੁਤ ਵੱਡੀ ਉਪਲਬਧੀ ਹੈ।
ਮੈਂ ਇਹ ਕਿਤਾਬ ਪਡ੍ਹਨ ਬੈਠਾ ਤਾਂ ਇਕ ਵਾਰ ਚ ਹੀ ਮੁਕਾ ਦਿੱਤੀ।
ਇਹ ਪੜ੍ਹਕੇ ਮੈਨੂੰ ਕਾਫਕਾ ਦੇ ਸ਼ਬਦ ਯਾਦ ਆ ਗਏ ਕਿ ਕਿਤਾਬ ਉਹ ਨਹੀਂ ਹੁੰਦੀ ਜੋ ਤੁਹਾਨੂੰ ਸ਼ਾਂਤੀ ਦੇਵੇ ਬਲਕਿ ਕਿਤਾਬ ਉਹ ਹੁੰਦੀ ਹੈ ਜੋ ਤੁਹਾਡੇ ਦਿਮਾਗ ਚ ਘਸੁੰਨ ਮਾਰੇ ਵਾਕਈ ਇਸ ਕਿਤਾਬ ਨੇ ਮੇਰੇ ਘਸੁੰਨ ਮਾਰੇ ਨੇ।
ਮੈਂ ਲੇਖਕ ਹਾਂ ਕਈ ਚੀਜ਼ਾਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ। ਆਲੇ ਦੁਆਲੇ ਵੇਖਦਾ ਹਾਂ। ਮੈਂ ਵੇਖ ਰਿਹਾ ਸੀ ਇਕ ਬੰਦਾ ਸ਼ਰਾਬ ਬਹੁਤ ਪੀਂਦਾ ਹੈ। ਸ਼ਰਾਬ ਪੀ ਪੀ ਕੇ ਸਾਰੀ ਕਮਾਈ ਉਡਾ ਦਿੰਦਾ ਹੈ । ਉਸਦੀ ਘਰਵਾਲੀ ਕੋਈ ਕੰਮ ਕਰਕੇ ਨਿਆਣੇ ਪਾਲ ਰਹੀ ਹੈ ,ਪਰ ਉਸਦਾ ਘਰਵਾਲਾ ਉਸ ਕੋਲੋਂ ਵੀ ਪੈਸੇ ਭਾਲਦਾ ਹੈ। ਉਹ ਚਾਹੁੰਦੀ ਹੈ ਕੇ ਉਸ ਕੋਲੋਂ ਅਲੱਗ ਰਹੇ ਕਿਓਂਕਿ ਉਹ ਹੁਣ ਪ੍ਰੇਸ਼ਾਨ ਰਹਿਣ ਲੱਗ ਪਈ ਹੈ। ਪਰ ਅੱਜ ਉਸ ਔਰਤ ਨੇ ਉਸ ਸ਼ਰਾਬੀ ਪਤੀ ਲਈ ਵਰਤ ਰੱਖਿਆ ਹੋਣਾ।
ਬੱਚਾ ਖਾਨ ਕਹਿੰਦੇ ਨੇ, ਜੇ ਕੋਈ ਸਮਾਜ ਵੇਖਣਾ ਹੈ ਤਾਂ ਉਸ ਵਿਚ ਔਰਤ ਨਾਲ ਹੋਣ ਵਾਲੇ ਵਰਤਾਅ ਨੂੰ ਵੇਖ ਲੈਣਾ ਚਾਹੀਦਾ ਹੈ।
ਮੈਂ ਆਪਣੇ ਘਰ ਝਾੜੂ ਪੋਚੇ ਲਵਾ ਦਿੰਦਾ ਹਾਂ ਰੋਟੀ ਬਣਾ ਦਿੰਦਾ ਹਾਂ , ਜੋ ਕਿ ਮੇਰੀ ਪਤਨੀ ਨੂੰ ਵੀ ਫੁਰਸਤ ਦੇ ਲਮਹੇਂ ਮਿਲਣ।
ਮੈਨੂੰ ਪੂਨਾ, ਮਹਾਰਾਸ਼ਟਰਾ ਤੋਂ ਟ੍ਰੇਨ ਚ ਆਉਂਦਿਆਂ 6 ਕੁ ਔਰਤਾਂ ਦਾ ਇੱਕ ਗ੍ਰੁਪ ਮਿਲਿਆ। ਉਹਨਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਉਹ ਸਾਰੀਆਂ ਆਪਣੇ ਪਤੀਆਂ ਤੋਂ ਬਿਨਾਂ ਆਪਣੇ ਬੱਚਿਆਂ ਨਾਲ ਸ਼ਿਰਡੀ,
ਮੁੰਬਈ ਘੁੰਮਕੇ ਆਈਆਂ ਸਨ। ਉਹ ਇਕੱਠੀਆਂ ਪੁਲਸ ਦੀ ਟ੍ਰੇਨਿੰਗ ਕੀਤੀ ਸੀ ਤੇ ਹੁਣ ਦਿੱਲੀ ਪੁਲਸ ਚ ਸਨ। ਉਹ ਹਰ ਸਾਲ ਅਜਿਹੀ ਤਫਰੀ ਕਰਦੀਆਂ ਸਨ। ਇਹ ਵੀ ਆਜ਼ਾਦੀ ਦਾ ਇੱਕ ਛਲਾਂਗ ਹੈ।
ਆਪਣੀ ਇੱਕ ਕਵਿਤਾ ਸ਼ੇਅਰ ਕਰ ਰਿਹਾ ਹਾਂ, ਜਿਸਦਾ
ਨਾਮ ਹੈ, ਮੈਂ, ਮੇਰੀ ਪਤਨੀ ਤੇ ਕਿਤਾਬਾਂ। ਮੈਂ ਵੀ ਇੱਕ ਦਿਨ ਦੋ ਸਮੇਂ ਦੀ ਰੋਟੀ ਪਾਣੀ ਬਣਾਇਆ ਤੇ ਪਤਨੀ ਨੂੰ ਛੁੱਟੀ ਦਿੱਤੀ।
https://www.amarujala.com/kavya/mere-alfaz/rajneesh-jass-main-meri-patni-aur-kitabein
ਕਿਤਾਬ ਪੀਪਲਜ਼ ਫੋਰਮ,ਬਰਗਾੜੀ ਨੇ ਛਾਪੀ ਹੈ। ਕੀਮਤ 100 ਰੁਪਏ, 106 ਪੰਨੇ ਨੇ।
ਕਿਤਾਬ ਮੰਗਵਾਉਣ ਲਈ
ਵਹਟਸ ਅਪ ਨੰਬਰ 9872989313
9876710809
ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
#books_i_have_loved
No comments:
Post a Comment