Saturday, October 31, 2020

ਰਮੇਸ਼ ਹਲਵਾਈ

ਰਮੇਸ਼ ਹਲਵਾਈ 

ਸ਼ਹਿਰ ਚ ਆ ਕੇ ਦਹੀਂ ਲੈਣ 
ਬਾਜ਼ਾਰ ਜਾਂਦਾ ਹਾਂ 
ਤਾਂ ਪਿੰਡ ਵਾਲੇ ਰਮੇਸ਼ ਹਲਵਾਈ
ਦੀ ਦੁਕਾਨ ਬਹੁਤ ਚੇਤੇ ਆਉਂਦੀ ਹੈ 

ਉਸਦੀ ਦੁਕਾਨ ਤੇ ਜਦ ਕਿਸੇ ਨੇ
ਬਿਨਾ ਭਾਂਡੇ ਦਹੀਂ ਲੈਣ ਆਉਣਾ ਤਾਂ 
ਉਸਨੇ ਵਾਪਿਸ ਮੋੜ ਦੇਣਾ
ਕਿਉਕਿਂ ਉਹ ਨਹੀਂ ਸੀ ਦਿੰਦਾ 
ਪੋਲੀਥੀਨ ਚ ਦਹੀਂ 

ਅਸੀਂ ਵੀ ਤਾਜ਼ੀ ਦਹੀਂ ਚ 
ਖੰਡ ਪਵਾਕੇ ਖਾ ਲੈਣੀ 
ਜਦ ਕਰਤਾਰ ਦੀ ਹਵੇਲੀ ਤੋਂ 
ਵੇਟ ਲਿਫਟਿੰਗ ਕਰਕੇ ਆਉਣਾ ਤਾਂ 
ਪਨੀਰ ਕਟਵਾ ਕੇ 
ਲੂਣ ਲਵਾ ਕੇ ਖਾ ਲੈਣਾ 
ਦਹੀਂ ਚ ਪਾਉਣ ਵਾਲਿਆਂ ਪਕੌੜੀਆਂ
ਜੋ  ਖੁੱਲੀਆਂ ਹੀ ਹੁੰਦੀਆਂ 
ਤਾਜ਼ੇ ਮੋਤੀਚੂਰ ਦੇ ਲੱਡੂ ਖਾਣੇ
ਬੇਸਨ ਦੀਆਂ ਟੁਕੜੀਆਂ, 
ਦੁੱਧ ਦੀ ਬਾਣੀ ਖਾਲਿਸ ਬਰਫੀ, 
ਸਰਦੀਆਂ ਨੂੰ ਗਜਰੇਲਾ,
 
ਇਥੇ ਤਾਂ ਸ਼ਹਿਰ ਚ ਪੈਕਟਾਂ ਚ
ਹੀ ਮਿਲਦਾ ਸਭ ਕੁਝ 
ਹਰ ਦੀਵਾਲੀ ਤੇ ਖ਼ਬਰ ਆਉਂਦੀ
ਨਕਲੀ ਪਨੀਰ ਨਕਲੀ ਖੋਇਆ 
ਤਾਂ ਝਕ ਜਾਂਦਾ ਹਾਂ ਪਨੀਰ ਖਰੀਦਣ ਤੋਂ 

ਇਹ ਸਭ ਕੁਝ ਬਦਲ ਗਿਆ 
ਰਮੇਸ਼ ਹਲਵਾਈ ਦੀ ਦੁਕਾਨ ਤੇ 
ਸਰਦੀਆਂ ਨੂੰ ਦੇਰ ਰਾਤ ਤਕ 
ਭੱਠੀ ਤੇ ਅੱਗ ਸੇਕਣੀ 
ਤੇ ਸੁਪਨੇ ਲੈਣੇ ਚੰਗੀ ਨੌਕਰੀ ਦੇ 

ਹੁਣ ਬਿੱਟੂ ਕਨੇਡਾ ਚ
ਰਿੰਕੂ ਇਟਲੀ ਚ 
ਬਿੰਦਾ ਇੰਗਲੈਂਡ ਚ 
ਤੇ ਮੈਂ ਰੁਦਰਪੁਰ 

ਅਸੀਂ ਸਭ ਵੀ ਪਲਾਸਟਿਕ ਦੇ 
ਪ੍ਰਦੇਸ ਚ ਬੈਠੇ ਨੋਟ ਕਮਾਉਂਦੇ 
ਪੋਲੀਥੀਨ ਚ ਪੈਕ ਬਰਗਰ ਖਾਂਦੇ
ਇਕ ਦੂਜੇ ਨੂੰ ਵਹਾਟਸ ਅੱਪ ਤੇ ਮੈਸਜ ਭੇਜਦੇ 

ਪਰ ਫਿਰ ਵੀ ਸੁਪਨਾ ਹੈ 
ਅਸੀਂ ਸਾਰੇ ਫਿਰ ਇਕੱਠੇ ਹੋਵਾਂਗੇ 
ਰਮੇਸ਼ ਹਲਵਾਈ ਦੀ ਦੁਕਾਨ ਦੇ ਸਾਹਮਣੇ 
ਜਿਥੇ ਸਾਰੇ ਬੁੱਢੇ ਰਿਟਾਇਰ ਹੋਕੇ ਤਾਸ਼ ਖੇਲਦੇ ਨੇ 
------------
ਰਜਨੀਸ਼ ਜੱਸ
ਰੁਦਰਪੁਰ
ਉਤਰਾਖੰਡ
ਨਿਵਾਸੀ ਪੁਰਹੀਰਾਂ
 ਹੁਸ਼ਿਆਰਪੁਰ
ਪੰਜਾਬ

#ਪੰਜਾਬੀ
#ਪਿੰਡ
#poetry_punjabi

Pucture from Google

No comments:

Post a Comment