ਬੁੱਕ ਹੀਲਿੰਗ
ਬੁੱਕ ਹਿਲਿੰਗ ਮੈਂ ਇਹ ਸ਼ਬਦ ਈਜ਼ਾਦ ਕੀਤਾ ਹੈ, ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿਸੇ ਹੋਰ ਨੇ ਇਸਦਾ ਉਪਯੋਗ ਕੀਤਾ ਹੋਵੇ, ਖੈਰ ਇਹ ਮੇਰਾ ਵਿਸ਼ਾ ਨਹੀਂ ਹੈ।
ਮੈਂ ਇਹ ਇਸ ਲਈ ਲਿਖਿਆ ਕਿ ਚੰਗੇ ਸਾਹਿਤ ਮਤਲਬ ਕਿਤਾਬਾਂ ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਾਡਾ ਇਲਾਜ ਕਰਦੀਆਂ ਨੇ।
ਮੈਂ ਕਈ ਵਾਰੀ ਨਿਰਾਸ਼ਾ ਚ ਘਿਰਿਆ ਤਾਂ ਮੈਨੂੰ ਇਹਨਾਂ ਕਿਤਾਬਾਂ ਨੇ ਹੀ ਬਾਹਰ ਕੱਢਿਆ।
ਇਹ ਕਿਤਾਬਾਂ ਨੇ
1-ਮਹਾਤਮਾ ਬੁੱਧ ਦੀ ਏਸ ਧੰਮੋ ਸਨੰਤਨੋ
(ਬੁਧ ਦੇ ਪ੍ਰਵਚਨਾਂ ਓਸ਼ੋ ਰਾਹੀਂ ਵਿਆਖਿਆ) ,
2-ਰਾੰਡਾ ਬਰਨ ਦੀ ਰਹੱਸ,
3-ਹਰਮਨ ਹੈੱਸ ਦਾ ਨਾਵਲ ਸਿਧਾਰਥ,
4- ੧ਓਂਕਾਰ ਸਤਿਨਾਮ (ਜਪੁਜੀ ਸਾਹਿਬ ਦੀ ਵਿਆਖਿਆ ਓਸ਼ੋ )
ਕਿਤਾਬਾਂ ਮਹਿਜ਼ ਸਫੇਦ ਪੰਨੇ ਤੇ ਕਾਲੇ ਅੱਖ਼ਰ ਨਹੀਂ ਸਗੋਂ ਉਹ ਜੁਗਨੂੰ ਨੇ ਜੋ ਉਸ ਵੇਲੇ ਰੋਸ਼ਨੀ ਕਰਦੇ ਨੇ ਜਦ ਅਸੀਂ ਘੋਰ ਨਿਰਾਸ਼ਾ ਦੇ ਹਨੇਰੇ ਜੰਗਲੇ ਚ ਘਿਰ ਜਾਂਦੇ ਹਾਂ। ਕਿਸੇ ਵੇਲੇ ਕੋਈ ਕਿਤਾਬ ਇੰਨੀ ਤਾਕਤ ਦਿੰਦੀ ਹੈ ਕਿ ਜਦੋਂ ਅਸੀਂ ਅਗਿਆਨਤਾ ਦੀ ਦਲਦਲ ਚ ਖੁੱਭੇ ਹੁੰਦੇ ਹਾਂ ਤੇ ਸਾਨੂੰ ਉਹ ਬਾਂਹ ਫੜਕੇ ਬਾਹਰ ਕੱਢ ਲੈਂਦੀ ਹੈ।
ਮੈਂ ਇਹ ਗੱਲ ਜੰਗ ਬਹਾਦਰ ਗੋਇਲ ਹੋਰਾਂ ਨਾਲ ਕਰ ਰਿਹਾ ਸੀ ਤਾ ਓਹਨਾ ਨੂੰ ਇਹ ਗੱਲ ਬਹੁਤ ਵਧੀਆ ਲੱਗੀ ।
ਮੈਂ ਓਹਨਾ ਨਾਲ ਗੱਲ ਕਰ ਰਿਹਾ ਸੀ ਇਕ ਵਾਰ ਉਹ ਸਖ਼ਤ ਬਿਮਾਰ ਹੋਏ ਕੇ ਚੱਲਣ ਫਿਰਨ ਲਈ ਬਹੁਤ ਮੁਸ਼ਕਿਲ ਹੋ ਗਈ। ਓਹਨਾ ਕਈ ਥਾਂ ਤੇ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਾ ਪਿਆ। ਫਿਰ ਓਹਨਾਂ ਦੇ ਭਤੀਜੇ ਨੇ ਜੋ ਸ਼ਾਇਦ ਫੌਜ ਚ ਡਾਕਟਰ ਹੈ ਉਸਨੇ ਦਵਾ ਦਿੱਤੀ ਤਰ ਉਹ ਰਾਜ਼ੀ ਹੋ ਗਏ ।
ਓਹਨਾ ਨੂੰ ਕਿਤਾਬਾਂ ਨੇ ਵੀ ਹੀਲ ਕਰਨ ਚ ਮਦਦ ਕੀਤੀ। ਫਿਰ ਓਹਨਾ ਪੱਛਮ ਦੀਆਂ ਸ਼ਾਹਕਾਰ ਰਚਨਾਵਾਂ ਤੋਂ ਸਾਨੂੰ ਜਾਣੂ ਕਰਵਾਇਆ ਜਿਵੇਂ ਦਸ਼ਰਥ ਮਾਝੀ ਨੇ ਹਥੌੜੇ ਤੇ ਛੈਣੀ ਨਾਲ ਪੂਰਾ ਪਹਾੜ ਤੋੜ ਦਿੱਤਾ ਸੀ ਓਹਨਾ ਵੀ ਕਲਮ ਤੇ ਕਾਗਜ਼ ਰਾਹੀਂ ਇਕ ਪਹਾੜ ਤੋੜਿਆ ਤੇ ਸਾਨੂ ਪੱਛਮ ਦੀ ਲੋਅ ਤੋਂ ਜਾਣੂ ਕਰਵਾਇਆ।
ਉਹ ਦੱਸ ਰਹੇ ਸਨ ਕੇ ਇੰਗਲੈਂਡ ਚ ਵੱਸਦੇ ਡਾਕਟਰ ਲੋਕ ਰਾਜ ਨੇ ਆਪਣੀਆਂ ਕਿਤਾਬਾਂ ਰਾਹੀਂ ਬਹੁਤ ਸਾਰੇ ਮਾਨਸਿਕ ਰੋਗੀਆਂ ਦਾ ਇਲਾਜ ਕੀਤਾ ਹੈ। ਇਸ ਤੋਂ ਇਹ ਸਿੱਧ ਹੀ ਹੁੰਦਾ ਹੈ ਕੇ ਕਿਤਾਬਾਂ ਵਿਚ ਸਾਨੂੰ ਠੀਕ ਕਰਨ ਦੀ ਤਾਕਤ ਹੁੰਦੀ ਹੈ।
ਕਿਤਾਬ ਉਹ ਝਰਨਾ ਹੈ ਜੋ ਸਾਡੀ ਰੂਹ ਦੀ ਪਿਆਸ ਨੂੰ ਬੁਝਾਉਂਦੀ ਹੈ ਸ਼ਰਤ ਹੈ ਕੇ ਸਾਨੂ ਪਿਆਸ ਕਿੰਨੀ ਗਹਿਰੀ ਲੱਗੀ ਹੈ। ਜਿਵੇ ਮੈਂ ਓਸ਼ੋ ਦਾ ਕਿਹਾ ਇਕ ਕਿੱਸਾ ਦੱਸ ਰਿਹਾ ਹਾਂ ਕਿ ਇਕ ਵਾਰ ਭਰ ਗਰਮੀਆਂ ਚ ਕਿਸੇ ਸਟੇਸ਼ਨ ਤੇ ਟ੍ਰੇਨ ਰੁਕੀ ਤਾਂ ਪਾਣੀ ਵੇਚਣ ਵਾਲਾ ਆਇਆ। ਉਸਨੇ ਕਿਹਾ ਪਾਣੀ, ਪਾਣੀ ,ਪਾਣੀ। ਤਾਂ ਇਕ ਬੰਦੇ ਨੇ ਪੁੱਛਿਆ ਕਿੰਨੇ ਪੈਸੇ? ਉਸ ਪਾਣੀ ਵਾਲੇ ਨੇ ਉਸਨੂੰ ਅਣਗੌਲਿਆਂ ਕਰ ਦਿੱਤਾ ਤ ਬਿਨਾ ਰੁਕੇ ਅੱਗੇ ਲੰਘ ਗਿਆ। ਓਸ਼ੋ ਇਹ ਸਭ ਵੇਖ ਰਹੇ ਸਨ।ਉਹ ਕਹਿੰਦੇ ਨੇ, ਜੇ ਇਸ ਬੰਦੇ ਨੂੰ ਅਸਲ ਚ ਹੀ ਪਿਆਸ ਲੱਗੀ ਹੈ ਤਾਂ ਇਹ ਕੀਮਤ ਪੁੱਛਣ ਦੀ ਬਜਾਏ ਪੈਸੇ ਦੇਕੇ ਬੋਤਲ ਖਰੀਦ ਲੈਂਦਾ?
ਮੈਂ ਕਈ ਲੋਕ ਵੇਖੇ ਨੇ ਜਿਹਨਾਂ ਕੋਲ ਕਾਰ ਹੋਵੇਗੀ ਲੱਖਾਂ ਰੁਪਏ ਆਮਦਨੀ ਹੋਵੇਗੀ ਪਰ ਉਹ ਕਿਤਾਬ ਉਧਾਰ ਮੰਗ ਕੇ ਪੜ੍ਹਣਗੇ। ਹੁਣ ਜੇ ਪਿਆਸ ਹੀ ਨਹੀਂ ਤਾਂ ਇਹ ਕਿਤਾਬ ਓਹਨਾ ਦੇ ਜੀਵਨ ਚ ਕਿ ਬਦਲਾਅ ਲਿਅਵੇਗੀ?
ਇਕ ਵਾਰ ਪ੍ਰੀਤ ਲਡ੍ਹੀ ਮੈਗਜ਼ੀਨ ਚ ਪਡ਼ਇਆ ਸੀ ਕਿ ਕੋਟ ਭਾਵੇਂ ਪੁਰਾਣਾ ਪਹਿਨੋ, ਪਰ ਕਿਤਾਬ ਹਮੇਸ਼ਾ ਨਵੀਂ ਖਰੀਦੋ।
ਜੰਗ ਬਹਾਦਰ ਗੋਇਲ ਜੀ ਦੱਸ ਰਹੇ ਸੀ ਓਹਨਾ ਨੇ ਜਿੰਨੇ ਵੀ ਸ਼ਾਹਕਾਰ ਨਾਵਲਾਂ ਬਾਰੇ ਲਿਖਿਆ ਉਹ ਸਾਰੇ ਓਹਨਾ ਨੇ ਖਰੀਦੇ ਨੇ ਸ਼ਾਇਦ ਇਕ ਨਾਵਲ ਓਹਨਾਂ ਨੇ ਲਾਇਬ੍ਰੇਰੀ ਚੋ ਕਢਵਾਇਆ ਕਿਉਂਕਿ ਉਹ ਮਾਰਕੀਟ ਚ ਨਹੀਂ ਸੀ ਮਿਲਿਆ।
ਮੈਨੂੰ ਜਦ ਕਦੀ ਮਾੜੇ ਵਿਚਾਰ ਆਉਂਦੇ ਨੇ ਤਾ ਕਈ ਵਾਰ ਬੁੱਧ ਦੀ ਗੱਲ ਯਾਦ ਆ ਜਾਂਦੀ ਹੈ ਕਿ ਆਪਣੇ ਵਿਚਾਰਾਂ ਪ੍ਰਤੀ ਸਾਵਧਾਨ ਰਹੋ ਕਿਉਂਕਿ ਇਕ ਮਾੜਾ ਵਿਚਾਰ ਤੁਹਾਡੇ ਅੰਦਰ ਜਾਕੇ ਆਪਣੀਆਂ ਜਡ੍ਹਾਂ ਜਮਾ ਲਾਵੇਗਾ ਤੇ ਉਹ ਬਹੁਤ ਸਾਰੇ ਵਿਕਾਰ ਪੈਦਾ ਕਰੇਗਾ। ਸਾਨੂੰ ਆਪਣੇ ਵਿਚਾਰਾਂ ਬਾਰੇ ਉਂਝ ਹੀ ਜਾਗਰੂਕ ਰਹਿਣਾ ਚਾਹੀਦਾ ਹੈ ਜਿਵੇਂ ਇਕ ਪਹਿਰੇਦਾਰ ਰਾਜੇ ਦੀ ਸੁਰੱਖਿਆ ਲਈ ਨੰਗੀ ਤਲਵਾਰ ਲੈਕੇ ਉਸਦੇ ਮਹਲ ਦੇ ਬਾਹਰ ਖੜਾ ਹੁੰਦਾ ਹੈ ਕਿ ਕੋਈ ਵੀ ਦੁਸ਼ਮਣ ਨੂੰ ਅੰਦਰ ਨਾ ਜਾ ਸਕੇ। ਸਾਡਾ ਹੋਸ਼ ਵੀ ਮਾੜੇ ਵਿਚਾਰਾਂ ਤੋਂ ਬਚਾਉਂਦਾ ਹੈ।
ਮਹਾਂਤਮਾ ਬੁੱਧ ਦੇ ਜੀਵਨ ਚੋ ਪ੍ਰਸੰਗ ਯਾਦ ਆਉਂਦਾ ਹੈ। ਇਕ ਵਾਰ ਇਕ ਔਰਤ ਬੁੱਧ ਦੇ ਕੋਲ ਆਈ। ਉਸਦੇ ਮੂੰਹ ਤੇ ਕੋਈ ਚਮੜੀ ਦਾ ਰੋਗ ਹੋ ਗਿਆ ਸੀ। ਹੁਣ ਔਰਤ ਖੂਬਸੂਰਤ ਨਾ ਹੋਵੇ ਤਾ ਸਮਾਜ ਦੁਰਕਾਰ ਦਿੰਦਾ ਹੈ। ਉਹ ਬੁੱਧ ਦੀ ਸ਼ਰਨ ਚ ਆਈ। ਬੁੱਧ ਆਪਣੇ ਭਿਕਸ਼ੂਆਂ ਨਾਲ ਜੰਗਲੇ ਚ ਠਹਿਰੇ ਸਨ। ਓਹਨਾ ਦਿਨਾਂ ਚ ਬੁੱਧ ਬਰਸਾਤ ਚ ਸਫਰ ਨਹੀਂ ਕਰਦੇ ਤਾਂ ਕਿਤੇ ਠਹਿਰ ਜਾਂਦੇ ਸਨ। ਓਹਨਾ ਉਸ ਔਰਤ ਨੂੰ ਕਿਹਾ ਅਸੀਂ ਇਥੇ ਬਰਸਾਤ ਦੇ ਮਹੀਨੇ ਰੁਕ ਰਹੇ ਹਾਂ ਤੂੰ ਸਾਡੇ ਲਈ ਛੱਪੜ ਬਣਾ ਉਹ ਪੂਰੀ ਸ਼ਿੱਦਤ ਨਾਲ ਛੱਪਰ ਬਣਾਉਣ ਚ ਰੁਝ ਗਈ। ਇਹ ਕੰਮ ਕਰਦਿਆਂ ਉਸਨੂੰ ਕਈ ਮਹੀਨੇ ਹੋ ਗਏ। ਇਕ ਵਾਰ ਉਹ ਬੁੱਧ ਨੂੰ ਮਿਲਣ ਆਈ ਤਾਂ ਬੁੱਧ ਨੇ ਕਿਹਾ ਕਿ ਉਹ ਆਪਣਾ ਚਿਹਰਾ ਸ਼ੀਸ਼ੇ ਚ ਵੇਖ। ਉਸਨੇ ਇੰਨੇ ਮਹੀਨੇ ਸ਼ੀਸ਼ਾ ਵੀ ਨਹੀਂ ਵੇਖਿਆ। ਜਦ ਉਸ ਔਰਤ ਨੇ ਆਪਣਾ ਚਹਿਰਾ ਵੇਖਿਆ ਤਾਂ ਹੈਰਾਨ ਹੋ ਗਈ ਉਹ ਦੋਬਾਰਾ ਹੋਰ ਵੀ ਸੁੰਦਰ ਹੋ ਗਈ ਸੀ। ਉਸਦੀ ਚਮੜੀ ਦੀ ਬਿਮਾਰੀ ਤਾਂ ਵਿਦਾ ਹੋ ਗਈ ਸੀ। ਉਸਨੇ ਬੁੱਧ ਨੂੰ ਪੁੱਛਿਆ ਭਂਤੇ ਇਹ ਕੀ? ਤਾਂ ਤਥਾਗਤ ਨੇ ਜਵਾਬ ਦਿੱਤਾ, ਤੂੰ ਆਪਣੀ ਸਾਰੀ ਊਰਜਾ ਛੱਪੜ ਬਣਾਉਣ ਚ ਲਾ ਦਿੱਤੀ ਤੇ ਭੁੱਲ ਹੀ ਗਈ ਕੀ ਉਹ ਬਿਮਾਰ ਹੈ। ਉਸਦੀ ਇਹ ਊਰਜਾ ਦਾ ਇਕ ਪਾਸੇ ਵਹਿਣਾ ਹੀ ਉਸਦੇ ਰੋਗ ਨੂੰ ਠੀਕ ਕਰ ਗਿਆ। ਕੁਦਰਤ ਦੀ ਅਸੀਮ ਸ਼ਕਤੀ ਨੇ ਉਸਦੇ ਸ਼ਰੀਰ ਦਾ ਵਿਕਾਰ ਕੱਢ ਦਿੱਤਾ।
ਇਸੇ ਤਰ੍ਹਾਂ ਜਦੋਂ ਨਿਰਾਸ਼ਾ, ਡਰ ਦੀ ਪ੍ਰਸਥਿਤੀ ਚ ਚੰਗਾ ਸਾਹਿਤ ਪਡ੍ਹਦੇ ਹਾਂ ਸਾਨੂੰ ਉਹ ਉਸ ਨਕਾਰਾਤਮਕਤਾ ਚੋਂ ਕਦੋਂ ਬਾਹਰ ਕੱਢ ਦਿੰਦਾ ਹੈ ਸਾਨੂੰ ਪਤਾ ਹੀ ਨਹੀਂ ਚਲੱਦਾ।
ਹੋਮਿਓਪੈਥੀ ਕਹਿੰਦੀ ਹੈ ਕੇ ਸਾਡੇ ਮਨ ਦੀਆਂ ਦੱਬੀਆਂ ਭਾਵਨਾਵਾਂ ਇਕ ਗੰਦ ਬਣ ਜਾਂਦੀਆਂ ਨੇ ਤੇ ਉਹ ਕਈ ਵਾਰੀ ਸਾਡੇ ਸ਼ਰੀਰ ਤੇ ਚਮੜੀ ਰੋਗ ਬਣਕੇ ਨਿਕਲਦੀਆਂ ਨੇ ਜਿਸਨੂੰ ਉਹ ਸੋਰਸਿਸ ਜਾਂ ਸੋਰਾ ਕਹਿੰਦੇ ਨੇ। ਇਸਲਈ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਜੋ ਲੋਕ ਬਹੁਤ ਜ਼ਾਲਿਮ ਹੁੰਦੇ ਨੇ ਓਹਨਾ ਦੇ ਚੇਹਰੇ ਵਿਕ੍ਰਿਤ ਹੋ ਜਾਂਦੇ ਨੇ।
ਮੈਂ ਐੱਸ ਐੱਸ ਜੋਹਲ ਹੋਰਾਂ ਦੀ ਜੀਵਨੀ ਪੜ੍ਹ ਰਿਹਾ ਸੀ ਰੰਗਾਂ ਦੀ ਗਾਗਰ। ਉਸ ਵਿਚ ਓਹਨਾ ਦੱਸਿਆ ਕਿ ਅਬਰਾਹਿਮ ਲਿੰਕਨ ਨੂੰ ਕਿਸੇ ਕਿਹਾ ਕੇ ਆਪਣੇ ਮੰਤਰੀ ਮੰਡਲ ਚ ਇਹ ਬੰਦਾ ਰੱਖ ਲਓ ਤਾਂ ਲਿੰਕਨ ਨੇ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਉਸਦਾ ਚਿਹਰਾ ਸਹੀ ਨਹੀਂ ਹੈ। ਤਾਂ ਉਸ ਬੰਦੇ ਨੇ ਪੁੱਛਿਆ ਤੁਸੀਂ ਇਹ ਕੀ ਕਹਿ ਰਹੇ ਹੋ ਸ਼ਰੀਰਿਕ ਸੁੰਦਰਤਾ ਤਾਂ ਬਾਹਰੀ ਹੈ ਅਸਲੀ ਤਾ ਮਨ ਹੈ। ਤਾਂ ਲਿੰਕਨ ਨੇ ਜਵਾਬ, ਜਦ ਆਦਮੀ ਚਾਲੀ ਸਾਲ ਦਾ ਹੁੰਦਾ ਹੈ ਉਸਦੇ ਮਨ ਦੇ ਵਿਚਾਰਾਂ ਨਾਲ ਉਸਦੇ ਚੇਹਰੇ ਤੇ ਨਕਸ਼ ਉਭਾਰ ਆਉਂਦੇ ਨੇ ਜੇ ਉਹ ਆਦਮੀ ਚੰਗੀ ਸੋਚ ਦਾ ਹੋਵੇਗਾ ਤਾਂ ਉਸਦਾ ਚੇਹਰਾ ਖਿਲਿਆ ਹੋਵੇਗਾ, ਨਹੀਂ ਤਾਂ ਵਿਕ੍ਰਿਤ ਜਿਸ ਤਰ੍ਹਾਂ ਇਸ ਬੰਦੇ ਦਾ ਹੈ।
ਜੋ ਮੈਂ ਬੁੱਧ, ਹੋਮਿਓਪੈਥਿਕ ਬਾਰੇ ਤੁਹਾਡੇ ਨਾਲ ਗੱਲਾਂ ਕਰ ਰਿਹਾਂ ਹਾਂ ਇਹ ਸਭ ਕਿਤਾਬਾਂ ਕਰਕੇ ਹੀ ਤਾਂ ਸੰਭਵ ਹੈ।ਇਹ ਕਿਤਾਬਾਂ ਮੇਰੇ ਤਕ ਪੁੱਜੀਆਂ ਮੈਂ ਪੜ੍ਹੀਆਂ ਤੇ ਹੁਣ ਉਸਦੇ ਤੱਤ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।
ਇਕ ਸਮਾਂ ਆਉਂਦਾ ਹੈ ਜਦ ਸਾਨੂੰ ਕਿਤਾਬਾਂ ਦਾ ਸਾਥ ਵੀ ਛੱਡਣਾ ਪੈਂਦਾ ਹੈ, ਜਿਵੇ ਓਸ਼ੋ ਕਹਿੰਦੇ ਨੇ ਜੇ ਤੁਸੀਂ ਦਿੱਲੀ ਤੋਂ ਮੁੰਬਈ ਤਕ ਟ੍ਰੇਨ ਰਾਹੀਂ ਸਫਰ ਕਰਦੇ ਹੋ ਤਾਂ ਮੁੰਬਈ ਜਾਕੇ ਉਹ ਟ੍ਰੇਨ ਛੱਡਣੀ ਵੀ ਪੈਂਦੀ ਹੈ ਤੁਸੀਂ ਮੁੰਬਈ ਜਾਕੇ ਉਸ ਟ੍ਰੇਨ ਨਾਲ ਚਿੰਬੜ ਤਾਂ ਨਹੀਂ ਜਾਂਦੇ ਕਿ ਤੂੰ ਬਹੁਤ ਵਧੀਆ ਹੈ ਕਿ ਮੈਨੂੰ ਮੁੰਬਈ ਤਕ ਪੁਚਾਇਆ ਹੁਣ ਮੇਰੇ ਨਾਲ ਹੀ ਚੱਲ।
ਜਿਵੇ ਛੋਟੇ ਬੱਚਿਆਂ ਦੀਆਂ ਕਿਤਾਬ ਚ ਲਿਖਿਆ ਹੁੰਦਾ ਹੈਏ ਫ਼ਾਰ ਐਪਲ। ਉਸਦੇ ਨਾਲ ਐਪਲ ਦੀ ਬਹੁਤ ਵੱਡੀ ਤਸਵੀਰ ਬਣੀ ਹੁੰਦੀ ਹੈ। ਪਰ ਜਦ ਉਹ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਕਦੇ ਇਹ ਨਹੀਂ ਕਹਿੰਦਾ ਏ ਫਾਰ ਐਪਲ ਇਸੇ ਤਰ੍ਹਾਂ ਜਦ ਅਸੀਂ ਕਿਸੇ ਕਿਤਾਬ ਨੂੰ ਪੜ੍ਹ ਲੈਂਦੇ ਹਾਂ ਤਾ ਉਸਦੇ ਵਿਚਾਰਾਂ ਤਾਂ ਤੱਤ ਕੱਢਕੇ ਆਪਣੀ ਜ਼ਿੰਦਗੀ ਚ ਇਸਤੇਮਾਲ ਕਰਦੇ ਹਾਂ।
ਤੱਤ ਤੋਂ ਪਿਆਰਾ ਸਿੰਘ ਸਹਿਰਾਈ ਜੀ ਯਾਦ ਆ ਗਏ
ਮੈਨੂੰ ਪਿਆਰਾ ਸਿੰਘ ਸਹਿਰਾਈ ਹੋਰਾਂ ਨਾਲ ਕਈ ਬਾਰ ਗੱਲਬਾਤ ਕਰਨ ਦਾ ਮੌਕਾ ਮਿਲਿਆ। ਨਵੇਂ ਪਾਠਕਾਂ ਨੂੰ ਦੱਸਣਾ ਚਾਹੁੰਦਾ ਹਾਂ ਜੋ ਲੋਕ ਆਰਸੀ ਮੈਗਜ਼ੀਨ ਵਾਲੇ ਭਾਪਾ ਪ੍ਰੀਤਮ ਸੁੰਘ ਹੋਰਾਂ ਨੂੰ ਜਾਣਦੇ ਨੇ ਉਹ ਸਹਿਰਾਈ ਹੋਰਾਂ ਬਾਰੇ ਵੀ ਜ਼ਰੂਰ ਜਾਣਦੇ ਹੋਣਗੇ। ਉਹ ਇਕ ਜ਼ਿੰਦਾਦਿਲ ਇਨਸਾਨ ਸਨ ਪਰ ਉਹਨਾਂ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ ਤਾਂ ਉਹ ਫ਼ਰਸ਼ ਤੇ ਪੀੜੀ ਨਾਲ ਚੱਲਦੇ। ਓਹਨਾ ਨੇ ਬਹੁਤ ਸਾਰਾ ਸਾਹਿਤ ਲਿਖਿਆ ਰਹੱਸਵਾਦੀ ਕਵਿ ਸਨ। ਉਹਨਾਂ ਵਿਆਹ ਵੀ ਨਹੀਂ ਕਰਵਾਇਆ ਤੇ ਵੇਖੋ ਓਹਨਾ ਦੇ ਦੋਸਤ ਦੀ ਬੇਟੀ ਨੇ ਓਹਨਾ ਨੂੰ ਆਪਣੇ ਘਰ ਰੋਹਿਨੀ ਚ ਆਪਣੇ ਪਿਤਾ ਵਾਂਙ ਰੱਖਿਆ।
ਮੈਂ ਜਦ ਦਿੱਲੀ ਜਾਣਾ ਤਾਂ ਓਹਨਾ ਨੂੰ ਰੋਹਿਨੀ ਮਿਲਣ ਜਾਣਾ। ਓਹਨਾ ਨੂੰ ਦੋਆਬੇ ਦਾ ਗੁੜ ਬਹੁਤ ਪਸੰਦ ਸੀ। ਮੈਂ ਇੱਕ ਵਾਰ ਗਿਆ ਤਾਂ ਓਹਨਾਂ ਮੈਨੂੰ ਕਿਹਾ "ਰਜਨੀਸ਼ ਤੇਰੇ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਇਹ ਗੱਲਾਂ ਦੀ ਮੱਝ ਵਾਂਙ ਜੁਗਾਲੀ ਕਰਾਂਗਾ ਤੇ ਉਸ ਵਿੱਚੋ ਤੱਤ ਕੱਢਕੇ ਆਪਣੇ ਜੀਵਨ ਚ ਉਤਾਰਂਗਾ।"
ਕਿਆ ਕਮਾਲ ਦੀ ਗੱਲ ਹੈ।
ਉਹ ਵੀ ਬੁੱਕ ਹੀਲਿੰਗ ਰਾਹੀਂ ਇੰਨੀ ਵਧਿਆ ਜ਼ਿੰਦਗੀ ਜੀਉ ਕੇ ਗਏ। ਓਹਨਾਂ ਦਾ ਖਿਲਿਆ ਚੇਹਰਾ ਅੱਜ ਵੀ ਮੈਨੂੰ ਜਿਉਣ ਦਾ ਉਤਸ਼ਾਹ ਦਿੰਦਾ ਹੈ। ਮੇਰੇ ਬਾਪੂ ਗੁਰਬਖ਼ਸ਼ ਜੱਸ ਨੇ ਓਹਨਾ ਦਾ ਨਾਮ ਆਨੰਦ ਰੱਖਿਆ ਹੋਇਆ ਸੀ । ਆਨੰਦ ਮਹਾਤਮਾ ਬੁੱਧ ਦੇ ਚਾਚੇ ਦਾ ਮੁੰਡਾ ਸੀ ਜੋ ਸਾਰੀ ਉਮਰ ਓਹਨਾ ਨਾਲ ਪਰਛਾਵੇਂ ਵਾਂਙ ਰਿਹਾ।
ਸੋ ਵੀ ਚੰਗਾ ਸਾਹਿਤ ਪੜੋ ਤੇ ਆਪਣੇ ਜੀਵਨ ਨੂੰ ਰੌਸ਼ਨਾਓ , ਬੁਕ ਹੀਲਿੰਗ ਕਰੋ।
ਮੈਂ ਫਿਰ ਮਿਲਾਂਗਾ ਇਕ ਨਵਾਂ ਕਿੱਸਾ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ
ਉੱਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ ਪੰਜਾਬ
21.10.2020
ਮੁੱਲਵਾਨ ਲਿਖਤ !
ReplyDeleteਬਹੁਤ ਵਧਿਆ ਜੀ ਸ਼ੁਕਰੀਆ
ReplyDeleteਕਮਾਲ ....
ReplyDelete