ਕਈ ਬਾਰ ਰਾਹ ਚ ਚਲਦਿਆਂ ਕੁਝ ਚਿਹਰੇ ਅਜਿਹੇ ਮਿਲਦੇ ਨੇ ਜੋ ਸਾਨੂੰ ਆਪਣੇ ਵੱਲ ਮੱਲੋ ਜੋਰੀ ਖਿੱਚ ਲੈਂਦੇ ਨੇ।
ਅੱਜ ਫੈਕਟਰੀ ਤੋਂ ਵਾਪਿਸ ਆਉਂਦਿਆਂ ਇਕ ਮੁੰਡਾ ਰੇਹੜੀ ਲਾ ਕੇ ਖੜਾ ਸੀ ਉਹ ਵੀ ਉਸ ਥਾਂ ਤੇ ਜਿੱਥੇ ਕੋਈ ਵੀ ਨਹੀਂ ਸੀ ਰੇਹੜੀ ਲਾਉਂਦਾ।
ਮੈਂ ਅਗਾਂਹ ਨਿਕਲ ਗਿਆ ਸੀ ਫਿਰ ਵਾਪਸ ਆਇਆ। ਕਿਉਕਿਂ ਮੈਨੂੰ ਲੱਗਾ ਉਹ ਮੈਨੂੰ ਖਿੱਚ ਰਿਹਾ।
ਆਨੰਦ ਫਿਲਮ ਚ ਰਾਜੇਸ਼ ਖੰਨਾ ਰਾਹ ਚ ਚਲਦੇ ਕਿਸੇ ਵੀ ਅਣਜਾਣ ਬੰਦੇ ਨੂੰ ਰੋਕ ਕੇ ਕਹਿੰਦਾ, ਕਿਆ ਹਾਲ ਹੈ ਮੁਰਾਰੀ ਲਾਲ? ਯਾਦ ਹੈ ਕੁਤਬ ਮੀਨਾਰ ਪੇ 4 ਪੈੱਗ ਪਿਲਾਕਰ ਆਊਟ ਕਰ ਦੀਆ ਥਾ।
ਜਦ ਬੰਦਾ ਅੱਗੋਂ ਜਵਾਬ ਦਿੰਦਾ ਤਾਂ ਉਹ ਮੁਸਕੁਰਾ ਕੇ ਮਾਫੀ ਮੰਗ ਲੈਂਦਾ।
ਅਮਿਤਾਭ ਬਚਨ ਪੁੱਛਦਾ, "ਤੂੰ ਇੰਝ ਰਾਹ ਜਾਂਦੇ ਬੰਦੇ ਨੂੰ ਕਿਵੇਂ ਬੁਲਾ ਲੈਂਦਾ ਹੈ! ਹਲਾਂਕਿ ਤੂੰ ਉਸਨੂੰ ਜਾਣਦਾ ਨਹੀਂ।
ਰਾਜੇਸ਼ ਖੰਨਾ ਅੱਗੋਂ ਜਵਾਬ ਦਿੰਦਾ," ਕੋਈ ਬੰਦਾ ਤੁਹਾਨੂੰ ਚੰਗਾ ਲੱਗਾ, ਉਸ ਨਾਲ ਗੱਲ ਕਰਨ ਨੂੰ ਦਿਲ ਕੀਤਾ ਤਾਂ ਤੁਸੀਂ ਉਸਨੂੰ ਬੁਲਾਇਆ ਗੱਲ ਕੀਤੀ, ਕਿੰਨਾ ਖੂਬਸੂਰਤ ਹੈ ਇਹ ਰਿਸ਼ਤਾ!"
ਮੈਂ ਉਸ ਮੁੰਡੇ ਨੂੰ ਵੀ ਇੰਝ ਹੀ ਮਿਲਿਆ, ਗੱਲ ਕਰਨ ਦਾ ਦਿਲ ਕੀਤਾ ਤਾਂ ਰੁਕ ਗਿਆ।
ਉਸ ਕੋਲੋਂ ਅੰਗੂਰ ਦਾ ਭਾਅ ਪੁੱਛਿਆ ਤੇ ਉਸਨੇ ਅੱਧਾ ਕਿਲੋ ਤੋਲ ਤੋਲਣ ਲਈ ਕਿਹਾ।
ਉਸਨੇ ਸਿਰਫ ਇਕ ਕਮੀਜ਼ ਪਾਈ ਹੋਈ ਸੀ।
ਮੈਂ ਕਿਹਾ ਤੂੰ ਜਿਸ ਥਾਂ ਤੇ ਇਹ ਰੇਹੜੀ ਲੈ ਹੈ ਇਹ ਥਾਂ ਬਿਲਕੁਲ ਅਲੱਗ ਹੈ।
ਉਹ ਬੋਲਿਆ ਹਾਂ ਜੀ, ਅੱਜ ਮੈਂ ਪਹਿਲੀ ਬਾਰ ਰੇਹੜੀ ਲਾਈ ਹੈ।
ਮੈਂ ਕਿਹਾ, ਠੰਡ ਹੋ ਗਈ ਹੈ ਸ਼ਾਮ ਦਾ ਸਮਾਂ ਹੈ ਤੂੰ ਸਿਰਫ ਕਮੀਜ਼ ਚ ਹੈਂ, ਠੰਡ ਨਾਲ ਤੂੰ ਬਿਮਾਰ ਹੀ ਸਕਦਾ ਹੈਂ।
ਉਸਨੇ ਜਵਾਬ ਦਿੱਤਾ ਉਹ ਦੁਪਹਿਰ ਨੂੰ ਆਇਆ ਸੀ ਤਾਂ ਠੰਡ ਨਹੀਂ ਸੀ।
ਉਸਦਾ ਨਾਮ ਦੇਵ ਹੈ ਤੇ ਉਹ ਪੜ੍ਹਾਈ ਕਰ ਰਿਹਾ ਹੈ। ਉਸਦੇ ਪਿਤਾ ਇਥੇ ਸਿਡਕੁਲ ਚ ਹੀ ਨੌਕਰੀ ਕਰਦੇ ਨੇ।
ਅਜਿਹੇ ਕਿੰਨੇ ਹੀ ਲੋਕ ਨੇ ਜੋ ਆਪਣੀ ਜ਼ਿੰਦਗੀ ਦਾ ਸੰਘਰਸ਼ ਕਰਦੇ ਨੇ।
ਇਹਨਾਂ ਲੋਕਾਂ ਨੂੰ ਸਲਾਮ, ਇਹਨਾਂ ਕਰਕੇ ਅਸੀਂ ਰਾਹ ਚ ਚਲਦੇ ਫਲ ਖਰੀਦ ਲੈਂਦੇ ਹਾਂ, ਚਾਹ ਪੀਂਦੇ ਹਾਂ, ਭੁੱਖ ਲੱਗੀ ਹੋਵੇ ਤਾਂ ਖਾਣਾ ਖਾ ਲੈਂਦੇ ਹਾਂ।
ਇਹਨਾਂ ਨੂੰ ਵੇਖਕੇ ਮੈਨੂੰ ਸਈਅਦ ਅਖਤਰ ਮਿਰਜ਼ਾ ਦੀ ਡਾਕੂਮੈਂਟਰੀ ਯਾਦ ਆ ਜਾਂਦੀ ਹੈ, ਜੋ 1991 ਚ ਦੂਰਦਰਸ਼ਨ ਤੋਂ ਆਈ ਸੀ, A tryst with people of India.
( ਇਸ ਚ ਉਸਨੇ ਆਪਣੀ ਟੀਮ ਨਾਲ ਪੂਰਾ ਭਾਰਤ ਘੁੰਮਿਆ, ਆਮ ਲੋਕਾਂ ਨੂੰ ਮਿਲਿਆ ਤੇ ਵੇਖਿਆ ਨਹਿਰੂ ਦੇ ਭਾਰਤ ਚ ਆਮ ਆਦਮੀ ਦੀ ਕੀ ਹਾਲਤ ਹੈ ਅਜਾਦੀ ਤੋਂ ਬਾਦ 50 ਸਾਲ ਤੋਂ ਬਾਦ)
ਇਸੇ ਯਾਤਰਾ ਦੌਰਾਨ ਉਹ ਇੱਕ ਕਿਸਾਨ ਨੁੰ ਮਿਲਦਾ ਜੋ ਹਲ ਵਾਹ ਰਿਹਾ ਹੈ ਖੇਤ ਚ। ਉਹ ਉਸ ਕਿਸਾਨ ਨਾਲ ਗੱਲ ਕਰਨੀ ਚਾਹੁੰਦਾ ਹੈ। ਪਰ ਕਿਸਾਨ ਆਪਣਾ ਹਲ ਵਾਹੁੰਦੇ ਹੋਏ ਉਸਨੂੰ ਜਵਾਬ ਦਿੰਦਾ ਹੈ ਕਿ ਉਸ ਕੋਲ ਰੁਕ ਕੇ ਗੱਲ ਕਰਨ ਦਾ ਸਮਾਂ ਵੀ ਨਹੀਂ ਹੈ ਕਿਉਂਕਿ ਉਹ ਇਹ ਬਲਦ ਤੇ ਹਲ ਕਿਰਾਏ ਤੇ ਲੈ ਕੇ ਆਇਆ ਹੈ ਤੇ ਸ਼ਾਮ ਨੂੰ ਵਾਪਿਸ ਕਰਨਾ ਹੈ।" ਇੰਨਾ ਕਹਿ ਕੇ ਉਹ ਆਪਣਾ ਹਲ ਵਾਹੁੰਦਾ ਰਿਹਾ ਤੇ ਸਇਅਦ ਅਖਤਰ ਮਿਰਜਾ ਅਗਾਂਹ ਤੁਰ ਪੈਂਦਾ ਹੈ।
ਫਿਰ ਉਹ ਕਹਿੰਦਾ, ਜੋ ਲੋਕ ਮੰਤਰੀ ਹੁੰਦੇ ਉਹ ਕਹਿੰਦੇ ਉਹ ਦੇਸ਼ ਨੂੰ ਚਲਾ ਰਹੇ ਨੇ ਪਰ ਅਸਲ ਚ ਦੇਸ਼ ਚਲਾਉਂਦਾ ਹੈ ਆਮ ਆਦਮੀ ਜੋ ਸਵੇਰੇ ਆਪਣੇ ਘਰੋਂ ਸਵੇਰੇ ਕੁਝ ਸੁਪਨੇ ਲੈਕੇ ਨਿਕਲਦਾ ਹੈ ਕੰਮ 'ਤੇ ਜਾਂਦਾ ਹੈ ਭੀੜ ਦਾ ਹਿੱਸਾ ਬਣ ਜਾਂਦਾ ਹੈ , ਸ਼ਾਮੀਂ ਥੱਕ ਟੁੱਟ ਕੇ ਘਰ ਆਉਂਦਾ ਹੈ ਪਰ ਇਸਦਾ ਨਾਮ ਕਿਤੇ ਵੀ ਨਹੀਂ ਆਉਂਦਾ ਅਸਲ ਚ ਹੀ ਆਦਮੀ ਦੇਸ਼ ਚਲਾ ਰਿਹਾ ਹੈ।
ਇਕ ਗੀਤ ਯਾਦ ਆ ਗਿਆ
"ਯੇ ਜੀਵਨ ਹੈ
ਇਸ ਜੀਵਨ ਕਾ ਯਹੀ ਹੈ
ਯਹੀ ਹੈ ਰੰਗ ਰੂਪ
ਥੋੜੀ ਖੁਸ਼ੀਆਂ ਥੋੜੇ ਗ਼ਮ ਹੈਂ
ਯਹੀ ਹੈ ਛਾਂਵ ਧੂਪ"
----
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ, ਪੰਜਾਬ
#faces
No comments:
Post a Comment