Thursday, March 17, 2022

ਮੇਰੀ ਜੇਬ ਚੋਂ ਸਿਗਰਟ ਨਿਕਲਣ ਦਾ ਕਿੱਸਾ ਤੇ ਬਾਪੂ

ਬਾਪੂ ਗੁਰਬਖਸ਼ ਜੱਸ ਜੀ ਨੂੰ ਸਰੀਰਿਕ ਰੂਪ ਚੋਂ ਵਿਦਾ ਹੋਇਆਂ ਸਾਢੇ ਚਾਰ ਮਹੀਨੇ ਹੋ ਗਏ ਤੇ ਪਿਛਲੇ ਮਹੀਨੇ ਸਹੁਰਾ ਸਾਹਿਬ ਵੀ ਇਸ ਫਾਨੀ ਸੰਸਾਰ ਨੂੰ ਵਿਦਾ ਕਹਿ ਗਏ।

ਬਹੁਤ ਸਾਰੀਆਂ ਭਾਵਨਾਤਮਕ ਪਰਿਸਥਿਤਿਆਂ ਚੋਂ ਗੁਜ਼ਰਿਆ। ਗੁਰਬਾਣੀ , ਭਜਨ ਤੇ ਓਸ਼ੋ ਦੇ ਪ੍ਰਵਚਨ ਸੁਣਦਿਆਂ ਇਹ ਸਮਾਂ ਸਹਿਜਤਾ ਨਾਲ ਬੀਤਿਆ ਹਲਾਂਕਿ ਕੁਝ ਸਮਾਂ ਤਾਂ ਬਹੁਤ ਇਕਲਾਪਾ ਵੀ ਮਹਿਸੂਸ ਕੀਤਾ।

ਮੇਰੇ ਅਮਰੀਕਾ ਵੱਸਦੇ ਰੂਹ ਵਾਲੇ ਮਿੱਤਰ Davinder Bedi   ਨੇ ਕਿਹਾ," ਤੇਰੇ ਬਾਪੂ ਜੀ ਕਿਧਰੇ ਗਏ ਨਹੀਂ ਉਹ ਤਾਂ ਅਸੀਮ ਹੋ ਗਏ ਨੇ, ਫੈਲ ਗਏ ਨੇ ਸਾਰੇ ਬ੍ਰਹਿਮੰਡ ਚ। ਉਹ ਹੁਣ ਹਰ ਵੇਲੇ ਤੇਰੇ ਕੋਲ ਨੇ, ਤੇਰੇ ਰੌਂਏ ਰੌਏਂ ਚ ਨੇ।" 
ਇਸ ਗੱਲ ਨੇ ਮੈਨੂੰ ਬਹੁਤ ਢਾਰਸ ਦਿੱਤੀ, ਹੁਣ ਜਦ ਉਹ ਯਾਦ ਆਉਂਦੇ ਤਾਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਬਾਹਰ ਬਾਪੂ ਜੀ ਦੀ ਮੌਜੂਦਗੀ ਨੂੰ ਮਹਿਸੂਸ ਕਰ ਲੈਂਦਾ ਹਾਂ।
ਫਿਰ ਕੁਝ ਪੁਰਾਣੀਆਂ ਗੱਲ੍ਹਾਂ ਯਾਦ ਆ ਗਈਆਂ।

ਇੱਕ ਵਾਰ ਮੇਰੀ ਇੱਕ ਵਿਸ਼ੇ ਤੇ ਬਾਪੂ ਹੋਰਾਂ ਨਾਲ ਬਹਿਸ ਹੀ ਗਈ। ਜਦ ਵੀ ਉਹ ਗੱਲ ਹੁੰਦੀ ਤਾਂ ਉਹ ਬਹਿਸ ਛਿਡ਼ ਜਾਂਦੀ। 
ਮੇਰੇ ਤੇ ਉਹਨਾਂ ਦੇ ਸਾਂਝੇ ਮਿੱਤਰ ਸ਼ਿਬਜਿੰਦਰ ਕੇਦਾਰ ਹੋਰਾਂ ਨੇ ਮੈਨੂੰ ਸਮਝਾਇਆ,"ਦੇਖ ਬੇਟਾ ਤੇਰੇ ਬਾਪੂ ਹੁਣ ਉਮਰ ਦੀ ਢਲਾਣ ਤੇ ਨੇ, ਤੂੰ ਬਹਿਸ ਨਾ ਕਰਿਆ ਕਰ ਫਿਰ ਬਾਅਦ ਚ ਤੂੰ ਪਛਤਾਏਂਗਾ।"

ਮੈਂ ਵੀ ਸੋਚਿਆ ਵਿਚਾਰਾਂ ਚ ਮਤਭੇਦ ਹੋਣ ਨਾਲ ਬੰਦਾ ਬੁਰਾ ਤਾਂ ਨਹੀਂ ਹੋ ਜਾਂਦਾ, ਮੁਹੱਬਤ ਮਰ ਤਾਂ ਨਹੀਂ ਜਾਂਦੀ। 
ਫਿਰ ਮੈਂ ਉਹਨਾਂ ਨਾਲ ਬਹਿਸ ਕਰਨੀ ਬੰਦ ਕਰ ਦਿੱਤੀ। 

ਉਂਝ ਤਾਂ ਬਾਪੂ ਨਾਲ ਦੋਸਤਾਂ ਵਰਗੀ ਮੁਹੱਬਤ ਰਹੀ।

ਇਕ ਵਾਰ ਸਾਡੇ ਘਰ ਕੰਮ ਕਰਨ ਵਾਲੀ ਕੱਪੜੇ ਧੋ ਰਹੀ ਸੀ। ਮੇਰੀ ਜੇਬ ਚੋਂ ਇੱਕ ਸਿਗਰਟ ਨਿਕਲੀ ਤੇ ਉਸਨੇ ਸਾਡੇ ਸਾਮਣੇ ਲਿਆ ਕੇ ਰੱਖ ਦਿੱਤੀ।
ਹੁਣ ਬਾਪੂ ਜੀ ਤਾਂ ਨਹੀਂ ਪੀਂਦੇ ਸਨ ਸਿਗਰੇਟ, 
ਓਹਨਾ ਮੈਨੂੰ ਕਿਹਾ," ਵੇਖ ਮੈਂ ਹਰ ਵੇਲੇ ਤੇਰੀ ਰਖਵਾਲੀ ਤਾਂ ਨਹੀਂ ਕਰ ਸਕਦਾ ਹੁਣ ਤੂੰ ਸਿਆਣਾ ਹੈ ਆਪਣਾ ਫੈਸਲਾ ਖੁਦ ਕਰ ਸਕਦਾ ਹੈਂ। ਹੁਣ ਤੂੰ ਇਹ ਤੈਅ ਕਰ ਕਿ ਤੇਰੀ ਸਿਹਤ ਲਈ ਇਹ ਸਿਗਰਟ ਲਾਹੇਵੰਦ ਹੈ ਜਾਂ ਨੁਕਸਾਨਦਾਇਕ?

ਜਦ ਅਸੀਂ ਛੋਟੇ ਹੁੰਦੇ ਹਾਂ ਤਾਂ ਅਸੀਂ ਕਈ ਬਾਰ ਇਹੋ ਜਿਹੀਆਂ ਸ਼ਰਾਰਤਾਂ ਕਰ ਦਿੰਦੇ ਹਾਂ ਸਾਡੇ ਮਾਂ ਬਾਪ ਸਾਨੂੰ ਝਿੜਕ ਮਾਰ ਦਿੰਦੇ ਨੇ ਹਲਾਂਕਿ ਉਹ ਗਲਤੀ ਬਹੁਤ ਵੱਡੀ ਹੁੰਦੀ ਹੈ। ਪਰ ਜਦ ਸਾਡੇ ਉਹੀ ਮਾਂ ਬਾਪ ਬੁੱਢੇ ਹੋ ਜਾਂਦੇ ਨੇ ਤਾਂ ਅਸੀਂ ਉਹ ਗੱਲਾਂ ਭੁੱਲ ਜਾਂਦੇ ਹਾਂ।
ਜੇ ਕਦੇ ਉਹ ਕੋਈ ਉਹ ਕੌੜਾ ਸ਼ਬਦ ਬੋਲ ਦੇਣ ਤਾਂ ਸਾਨੂੰ ਵੀ ਆਪਣਾ ਬਚਪਨ ਦੀ ਭੁੱਲ ਸਮਝ ਕੇ ਭੁੱਲ ਜਾਣਾ ਚਾਹੀਦਾ ਹੈ। ਜੇ ਅਸੀਂ ਬਹਿਸ ਕਰਾਂਗੇ ਤਾਂ ਉਹ ਆਪਣੇ ਦਿਲ ਤੇ ਬੋਝ ਲੈਕੇ ਵਿਦਾ ਹੋਣਗੇ ਤੇ ਓਹਨਾ ਦੇ ਜਾਣ ਤੋਂ ਬਾਅਦ ਸਾਡੇ ਕੋਲ ਸਿਰਫ ਤੇ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਪਰ ਫਿਰ ਉਦੋਂ ਉਸ ਪਛਤਾਵੇ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। 

ਜਿਵੇਂ ਓਸ਼ੋ ਕਹਿੰਦੇ ਨੇ ਜਦ ਮੈਂ ਮਰ ਜਾਵਾਂਗਾ ਮੇਰੇ ਇੱਕਠ ਤੇ ਤੁਸੀਂ ਮੇਰੇ ਸਾਰੇ ਗੁਨਾਹਾਂ ਨੂੰ ਮਾਫ ਕਰ ਦੇਵੋਗੇ। ਪਰ ਉਸ ਵੇਲੇ ਮੈਂ ਸਰੀਰਿਕ ਰੂਪ ਚ ਤਾਂ ਨਹੀਂ ਹੋਵਾਂਗਾ, ਉਹ ਸਾਰੀਆਂ ਗੱਲਾਂ ਸੁਨਣ ਲਈ। ਪਰ ਜੇ ਤੁਸੀਂ ਮੈਨੂੰ ਜਿਉਂਦੇ ਜੀ ਮਾਫ ਕਰ ਦੇਵੋਗੇ ਤਾਂ ਮੇਰੀ ਰੂਹ ਨੂੰ ਵੀ ਸਕੂਨ ਹੋਵੇਗਾ ਤੇ ਤੁਹਾਡੇ ਦਿਲ ਤੇ ਵੀ ਬੋਝ ਨਹੀਂ ਰਹੇਗਾ।

ਰਜਨੀਸ਼ ਜੱਸ
17.03.2022

No comments:

Post a Comment