Monday, October 4, 2021

ਘੁਮੱਕਡ਼ ( ਦੋਵੇਂ ਭਾਗ)

ਘੁਮੱਕੜ
---------

ਧਰਤੀ ਨਾਪਣ ਨਿਕਲੇ ਨੇ
ਘੁਮੱਕੜ 
ਆਪਣੇ ਨਿੱਕੇ - ਨਿੱਕੇ ਪੈਰਾਂ ਨਾਲ 
ਦਿਲਾਂ ਚ ਬੁਲੰਦ ਹੌਂਸਲਿਆਂ ਨਾਲ

ਇਹਨਾਂ ਦਿਲ ਚ ਖ਼ਵਾਇਸ਼ ਹੈ 
ਉਹਨਾਂ ਰਾਹਾਂ ਤੇ ਜਾਣ ਦੀ
ਜਿਥੇ ਸਿਰਫ ਤੇ ਸਿਰਫ ਕੁਦਰਤ ਹੈ 
ਆਪਣੇ ਪੂਰੇ ਸੁਹੱਪਣ ਚ 
ਇਹ ਬਣਾਉਂਦੇ ਨੇ ਆਪਣੀ ਰਾਹ ਆਪ 
ਜਿਵੇਂ ਰਾਬਰਟ ਫਰੋਸਟ ਦੀ ਕਵਿਤਾ ਹੈ 
ਦ ਰੋਡ ਨੋਟ ਟੇਕਣ
ਮਤਲਬ ਜਿਸ ਰਾਹ ਤੇ ਕੋਈ ਨਹੀਂ ਤੁਰਿਆ

ਕਦੇ ਪੈਦਲ
ਕਦੇ ਬਿਨਾ ਕੁਝ ਤਿਆਰੀ ਦੇ 
ਪਰ ਹੁਣ ਸਮੇਂ ਨਾਲ
ਤਰੱਕੀ ਹੋ ਗਈ ਹੈ
ਆ ਗਏ ਨੇ
ਟੈਂਟ, ਸਲੀਪਿੰਗ ਬੈਗ, 
ਇਕ ਪੋਰਟੇਬਲ ਚੁਲ੍ਹੇ 

ਜੇਬ ਚ ਪੈਸੇ ਭਾਵੇਂ ਘੱਟ ਨੇ
ਪਰ ਉਹ ਭਰੀ ਹੋਈ ਹੈ 
ਜਜ਼ਬਾਤ ਨਾਲ 
ਮੁਹੱਬਤ ਨਾਲ 
ਇਸ ਮੁਹੱਬਤ ਚ ਕਿਸੇ 
ਇੱਕ ਮਨੁੱਖ ਜਾਂ ਜਗ੍ਹਾ ਲਈ  ਨਹੀਂ 
ਸਗੋਂ ਇਸ ਵਿਚ ਸਮਾਈ ਹੋਈ ਹੈ
ਪੂਰੀ ਸਰਿਸ਼ਟੀ
ਕੀੜੀ, ਗਲਿਹਰੀ, ਮਧੂਮੱਖੀ, ਸੱਪ , ਹਾਥੀ, ਸ਼ੇਰ, ਚੀਤਾ
ਫੁੱਲ, ਪਹਾੜ ,ਦਰਿਆ, ਗਲੈਕਸੀ ਤੇ ਬਲੈਕ ਹੋਲ ਨੇ 

ਇਹਨਾਂ ਲਈ ਚਾਨਣ ਮੁਨਾਰਾ ਨੇ 
ਅੱਜ ਤੋਂ ਪਹਿਲਾਂ ਹੋਏ ਘੁਮੱਕੜ
ਰਾਹੁਲ ਸੰਕ੍ਰਤਾਇਨ, ਹਿਊਨ ਸਾਂਗ,
ਇਬਨੇ ਬਤੂਤਾ 

ਇਹ ਆਪਣੇ ਅੰਦਰ ਵੀ
ਇੱਕ ਯਾਤਰਾ ਕਰਦੇ ਨੇ 
ਜਿਵੇ ਕੀਤੀ ਹੈ ਯਾਤਰਾ
ਬਾਬੇ ਨਾਨਕ,ਮਹਾਤਮਾ ਬੁੱਧ ਤੇ ਕਬੀਰ ਨੇ 
ਜੋ ਕਹਿੰਦੇ ਨੇ
"ਜੋ ਬ੍ਰਹਮੰਡੇ ਸੋ ਹੀ ਪਿੰਡੇ"

ਇਹਨਾਂ ਦੀ ਅੱਖ ਵਿਚ ਹੈ
ਹੈਰਾਨੀ 
ਜਿਵੇਂ  ਵੇਖਦਾ ਹੈ ਨਵਾਂ ਜੰਮਿਆ ਬੱਚਾ
 ਹਰ ਸ਼ੈਅ ਨੂੰ ਗਹੁ ਨਾਲ 

ਇਹਨਾਂ ਨੂੰ ਕਿਸੇ ਨਾਲ 
ਬਹੁਤ ਲਗਾਅ ਨਹੀਂ ਹੁੰਦਾ
ਨਾ ਹੀ ਕੋਈ ਬੈਰਾਗ 
ਘੁੰਮਣਾ ਹੀ ਇਹਨਾਂ ਦੀ ਜ਼ਾਤ ਹੈ
ਘੁੰਮਣਾ ਹੀ ਇਹਨਾਂ ਦਾ ਧਰਮ ਹੈ
ਘੁੰਮਣਾ ਹੀ ਇਹਨਾਂ ਦਾ ਕਰਮ ਹੈ 

ਨਦੀਆਂ, ਪਹਾੜ, ਮਾਰੂਥਲ
ਸਭ ਤੈਅ ਕਰ ਜਾਂਦੇ ਨੇ  
ਕੋਈ ਪੈਦਲ
ਕੋਈ ਸਾਈਕਲ ਤੇ
ਕੋਈ ਸਕੂਟਰ ਤੇ 
ਕੋਈ ਮੋਟਰਸਾਈਕਲ ਤੇ 
ਪੁੱਜ ਜਾਂਦੇ ਨੇ 
ਲੇਹ ਲੱਦਾਖ, ਕਸ਼ਮੀਰ, ਹਿਮਾਚਲ,
ਉੱਤਰਾਖੰਡ, ਗੋਆ, ਸਿੱਕਮ, ਗੁਜਰਾਤ
 ਤੇ ਕਈ ਤਾਂ ਸਰਹੱਦਾਂ ਪਾਰ ਘੁੱਮ ਆਉਂਦੇ 
ਪੁਚਾ ਆਉਂਦੇ ਮੁਹੱਬਤ ਦਾ ਪੈਗਾਮ 
ਤੇ ਵਾਪਸ ਲੈ ਆਉਂਦੇ
ਦਿਲਦਾਰ ਲੋਕਾਂ ਦੀ 
ਮਹਿਮਾਨ ਨਿਵਾਜ਼ੀ ਦੇ ਕਿੱਸੇ 
ਉਹ ਖਿੱਚਦੇ ਤਸਵੀਰਾਂ 
ਬਣਾਉਂਦੇ ਵੀਡੀਓ 
ਜੋ ਕੇ ਹੋਰ ਲੋਕ ਵੀ ਮਾਣ ਸਕਣ
ਧਰਤੀ ਦੀ ਸੁੰਦਰਤਾ ਦਾ ਆਨੰਦ 
ਚੜ੍ਹਦਾ ਡੁੱਬਦਾ ਸੂਰਜ , ਚੰਨ, ਤਾਰੇ,
ਸਭ ਸਮੋ ਲੈਂਦੇ ਆਪਣੇ ਜ਼ਹਿਨ ਚ 

ਕੁਝ ਲਿਖਦੇ ਕਿਤਾਬਾਂ 
ਉਹ ਕਿਤਾਬਾਂ ਪੜ੍ਹਕੇ 
ਆਮ ਲੋਕਾਂ ਦੇ ਖ਼ਵਾਬਾਂ ਨੂੰ ਲੱਗ ਜਾਂਦੇ ਖੰਭ 
ਤੇ ਉਹ ਘਰ ਦੀ ਚਾਰਦੀਵਾਰੀ ਚੋਂ 
ਬਾਹਰ ਉੱਡ ਜਾਣ ਦੀ ਤਾਂਘ ਨਾਲ ਭਰ ਜਾਂਦੇ 

ਘੁਮੱਕੜ ਜਾਣਦੇ ਨੇ 
ਇਸ ਧਰਤੀ ਤੇ 
ਇਹ ਮਾਨਵ ਦੇਹ ਮਿਲੀ ਹੈ 
ਕੁਝ ਸਮਾਂ ਘੁੰਮਣ ਲਈ 
ਘੁੱਮਣਾ ਹੀ ਹੈ ਤਾਂ
ਕੁਝ ਜੋੜ੍ਹਦੇ ਨਹੀਂ 
ਕਿਸੇ ਦਾ ਦਿਲ ਤੋੜਦੇ ਨਹੀਂ 

ਰੱਖਦੇ ਨਹੀਂ ਮਲਾਲ ਦਿਲ ਚ 
ਕੇ ਆਹ ਨਹੀਂ ਕੀਤਾ 
ਉਹ ਰਹਿ ਗਿਆ 
ਜ਼ਿੰਦਗੀ ਨੂੰ ਭਰਪੂਰ ਜਿਉਂਦੇ ਨੇ
 
ਜਿਹਨਾਂ ਪੰਜ ਤੱਤਾਂ ਤੋਂ ਸ਼ਰੀਰ ਬਣਿਆ ਹੈ 
ਧਰਤੀ, ਹਵਾ, ਹਵਾ, ਅੱਗ, ਜਲ 
ਉਹ ਜਾਣਦੇ ਨੇ ਇਸ ਵਿਚ ਹੀ ਸਮਾਂ ਜਾਣਾ ਹੈ 
ਤਾਂ ਨਹੀਂ ਕਰਦੇ ਇਸਨੂੰ ਮੈਲਾ
ਜਾਣਦੇ ਨੇ ਕਬੀਰ ਦੇ ਸ਼ਬਦ
" ਜਿਊਂ ਕੀ ਤਿਊਂ ਧਰਿ ਦੀਨਹੀਂ ਚਦਰੀਆ"
 
ਧਰਤੀ ਤੇ ਆਦਮੀ ਨੇ
ਅਲੱਗ -ਅੱਲਗ ਦੇਸ਼ ਬਣਾਏ 
ਸਰਹੱਦਾਂ ਫੌਜ ਤੇ ਹਥਿਆਰ 
ਪਾਰ ਸਾਰੇ ਘੁਮੱਕਡ਼ ਲਈ 
ਪੂਰੀ ਧਰਤੀ ਹੀ ਇਕ ਹੈ 
ਇਹਨਾਂ ਲਈ ਹਰ ਬੰਦਾ 
ਇਕ ਅਲੱਗ ਸਭਿਅਤਾ ਹੈ 
ਇਸੇ ਲਈ ਘਰੋਂ ਨਿਕਲਦੇ ਨੇ
ਜਾਨਣ ਅਲੱਗ ਅਲੱਗ 
ਬੰਦੇ ਰੂਪੀ ਸੱਭਿਅਤਾਵਾਂ ਨੂੰ 

 ਮੈਂ ਵੀ ਨਹੀਂ ਜਾਣਦਾ ਸੀ
ਘੁਮੱਕੜ ਤੇ ਸੈਲਾਨੀ ਹੋਣ ਚ 
ਬਹੁਤ ਵੱਡਾ ਫਰਕ ਹੁੰਦਾ ਹੈ 

ਸੈਲਾਨੀ  ਘਰ ਤੋਂ ਸਿੱਧਾ 
ਹੋਟਲ ਜਾਂਦਾ
ਉਹ ਵੀ ਸਾਰੀ ਤਿਆਰੀ ਨਾਲ
ਨਿਸ਼ਚਿਤ ਤੇ ਮਸ਼ਹੂਰ ਥਾਵਾਂ ਵੇਖਕੇ
ਵਾਪਿਸ ਘਰ ਪਰਤ ਆਉਂਦਾ
ਨਾ ਖਾਂਦੇ ਉਥੋਂ ਦੇ ਆਮ ਲੋਕਾਂ ਦੇ ਖਾਣੇ 
ਨਾ ਮਿਲਦਾ ਆਮ ਲੋਕਾਂ ਨੂੰ 
ਨਾ ਜਾਣ ਪਾਉਂਦਾ ਨਵੀਆਂ ਰਾਹਾਂ ਨੂੰ 
ਨਾ ਜਾਣ ਪਾਉਂਦਾ ਨਵੀਆਂ ਨਵੀਆਂ ਗੱਲਾਂ 

ਪਰ ਜਦ  
ਹੁਣ ਪਤਾ ਲੱਗਾ ਘੁਮੱਕੜ
ਨਿਕਲਦੇ ਘਰੋਂ ਤਾਂ
ਪਤਾ ਵੀ ਨਾ ਹੁੰਦਾ ਕਿਦਾਂ ਪੁੱਜਣਾ ਹੈ
ਕਿਥੇ ਜਾਣਾ ਹੈ 
ਬੱਸ ਦਿਲ ਚ ਘੁੱਮਣ ਦਾ ਹੀ ਚਾਅ ਹੁੰਦਾ 
ਇਹ ਪਾਰ ਕਰਦੇ 
ਪਹਾੜ, ਨਦੀਆਂ, ਝਰਨੇ, ਸਮੁੰਦਰ 
ਆਪਣਾ ਖਾਣਾ ਆਪ ਬਣਾਉਂਦੇ
ਦੋ ਪੱਥਰ ਜੋੜਕੇ
ਉੱਪਰ ਕੜਾਹੀ ਰੱਖ ਕੇ
ਹੇਠਾਂ ਜੰਗਲ ਚ ਚੁਗੀਆਂ
ਲੱਕੜਾਂ ਦੀ ਅੱਗ ਬਾਲਕੇ 
ਟੈਂਟਾਂ ਚ ਰਾਤ ਬਿਤਾਉਂਦੇ 
ਜੰਗਲੀ ਜਾਨਵਰਾਂ ਦੇ ਵਿਚ 
ਮਾਣਦੇ ਨਜ਼ਾਰਾ ਚਾਣਨੀ ਰਾਤਾਂ ਦਾ 
ਸੁਣਦੇ ਬੀਂਡੇ ਦੀ ਅਵਾਜ਼ 
ਦਰਿਆ ਦਾ ਸ਼ੋਰ 
ਸੁਣਦੇ ਰਾਤ ਨੂੰ ਚੀੜ ਦੇ ਦਰਖਤਾਂ ਚੋਂ
ਗੁਜ਼ਾਰਦੀ ਸਾਂ - ਸਾਂ ਦੀ ਹਵਾ 

ਸਫਰ ਦੇ ਦੌਰਾਨ ਬਣਦੇ ਦਿਲਕਸ਼ ਕਿੱਸੇ 
ਕੁਝ ਲੋਕ ਇਹਨਾਂ ਨੂੰ
ਘਰ ਬੁਲਾਕੇ ਖਾਣਾ ਖਿਲਾ ਦਿੰਦੇ
ਕੋਈ ਠੰਡ ਤੋਂ ਬਚਣ ਲਈ
ਦਸਤਾਨੇ ਲਿਆ ਦਿੰਦਾ ਤੇ 
ਨਾ ਲੈਂਦਾ ਕੋਈ ਪੈਸਾ 
ਕੋਈ ਪੈਟਰੋਲ ਮੁੱਕਣ ਤੇ ਲਿਆ ਦਿੰਦਾ ਪੈਟਰੋਲ 
ਕੋਈ ਸਾਈਕਲ ਜਾਂ ਮੋਟਰਸਾਈਕਲ 
ਪੰਚਰ ਹੋਣ ਤੇ ਪੁਚਾ ਦਿੰਦੇ 
ਲਾਗੇ ਦੇ ਟਾਇਰਾਂ ਦੀ ਦੁਕਾਨ ਤੇ
 
ਕੋਈ ਸਮਾਨ ਕਿਸੇ ਦੁਕਾਨ ਤੇ ਰਹਿ ਜਾਵੇ ਤਾਂ 
ਤਾਂ ਉਹ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ 
ਬੈਠਾ ਇੰਤਜ਼ਾਰ ਕਰਦਾ ਘੁਮੱਕੜਾਂ ਦਾ
ਤਾਂ ਜੋ ਮਲਿਕ ਨੂੰ ਉਸਦੀ ਅਮਾਨਤ ਵਾਪਸ ਕਰ ਸਕੇ 
ਹੁੰਦਾ ਮੋਬਾਇਲ ਨੰਬਰਾਂ ਦਾ ਲੈਣ ਦੇਣ 
ਦੋਬਾਰਾ ਮਿਲਣ ਤੇ ਨਿੱਘੇ ਰਿਸ਼ਤੇ ਬਣ ਜਾਂਦੇ 
ਜੋ ਨਹੀਂ ਹੁੰਦੇ ਆਪਣੇ ਸਕਿਆਂ ਦੇ ਨਾਲ ਵੀ 

ਘੁਮੱਕੜ ਮਿਲਦੇ ਆਮ ਲੋਕਾਂ ਨੂੰ 
ਸੁਣਦੇ ਓਹਨਾ ਦੇ ਦੁੱਖ ਸੁਖ 
ਓਹਨਾ ਆਮ ਲੋਕਾਂ ਨੂੰ
ਬਣਾ ਦਿੰਦੇ ਖਾਸ
ਓਹਨਾ ਦੀਆਂ ਤਸਵੀਰਾਂ ਖਿੱਚ ਕੇ
ਆਪਣੀ ਮੁਸਕਾਨ ਉਹਨਾਂ ਨੂੰ ਦੇ ਕੇ
ਉਹਨਾਂ ਦਾ ਦੁੱਖ ਪੂੰਝ ਦਿੰਦੇ 

ਮਧੂਮੱਖੀ ਜਾਂ ਤਿਤਲੀ ਜਿਸ ਤਰ੍ਹਾਂ
ਫੁੱਲਾਂ ਦਾ ਪਰਿਵਾਰ ਵਧਾ ਦਿੰਦੇ ਨੇ
ਉਸੇ ਤਰ੍ਹਾਂ ਇਹ ਘੁਮੱਕੜ ਵੀ
ਲੋਕਾਂ ਦੇ ਦਿਲਾਂ ਵਿੱਚ ਅਥਾਹ 
ਸ਼ਾਂਤੀ ਤੇ ਸਕੂਨ ਭਰ ਦਿੰਦੇ
ਜੋ ਕਿ ਇਸ ਸਮੇਂ ਦੀ ਬਹੁਤ ਵੱਡੀ ਜਰੂਰਤ ਹੈ

ਫਿਰ ਅਗਾਂਹ ਤੁਰ ਪੈਂਦੇ ਆਪਣੇ ਸਫਰ ਤੇ 
ਕੁਝ ਨਵਾਂ ਦੇਖਣ
ਕੁਝ ਨਵਾਂ ਸਿੱਖਣ

ਧਰਤੀ ਨਾਪਣ ਨਿਕਲੇ ਘੁਮੱਕੜ 
ਆਪਣੇ ਨਿੱਕੇ ਨਿੱਕੇ ਪੈਰਾਂ ਨਾਲ 
ਦਿਲਾਂ ਚ ਬੁਲੰਦ ਹੌਂਸਲਿਆਂ ਨਾਲ

ਚਲਦਾ
----------
©ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
04.10.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )


No comments:

Post a Comment