ਕੁੜੀ ਤੋਂ ਔਰਤ ਬਣਨ ਤੱਕ ਦਾ ਸਫਰ
ਟਿਊਸ਼ਨ ਪੜ੍ਹਨ ਆਉਂਦੀਆਂ ਕੁੜੀਆਂ
ਕਰਦੀਆਂ ਹੱਸ- ਹੱਸ ਕੇ ਗੱਲਾਂ
ਆਪਣੀ ਮੈਡਮ ਨਾਲ
ਵੇਖਦੀਆਂ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗ
ਇਹਨਾਂ ਵਿਚੋਂ ਤਾਂ ਕਈ ਕੁੜੀਆਂ ਦਾ
ਜਨਮ ਦਿਨ ਵੀ ਓਹਨਾ ਦੇ ਘਰ
ਨਹੀਂ ਮਨਾਇਆ ਜਾਂਦਾ
ਉਹ ਘਰੋਂ ਪੈਦਲ ਆਉਂਦੀਆਂ
ਆਟੋ ਦੇ ਪੈਸੇ ਬਚਾਉਂਦੀਆਂ
ਤੇ ਟਿਊਸ਼ਨ ਤੇ ਆਕੇ ਮੈਡਮ ਨਾਲ
ਆਪਣਾ ਜਨਮਦਿਨ ਮਨਾਉਂਦੀਆਂ
ਮੁੰਡਿਆਂ ਨਾਲ ਅਠਖੇਲੀਆਂ ਕਰਦੀਆਂ
ਜ਼ਿੰਦਗੀ ਨੂੰ ਜ਼ਿੰਦਾ ਰੱਖਦੀਆਂ
ਉਹ ਉਗਾਉਂਦੀਆਂ ਮੈਡਮ ਦੇ
ਗਮਲਿਆਂ ਚ ਗੁਲਾਬ ਤੇ ਗੇਂਦੇ ਦੇ ਫੁੱਲ
ਤੇ ਆਪਣੇ ਕੁਝ ਸੁਪਨੇ
ਇਹਨਾਂ ਵਿਚੋਂ ਇੱਕ ਕੁੜੀ ਰੇਸ਼ਮਾ
ਜੋ ਸਿਰਫ ਇਸੇ ਲਈ ਹੀ ਪੜ੍ਹ ਆਉਂਦੀ
ਕਿਓਂਕਿ ਜਦ ਤਕ ਉਹ ਪੜ੍ਹਦੀ ਰਹੇਗੀ
ਤਦ ਤਕ ਬਚੀ ਰਹੇਗੀ ਵਿਆਹ ਤੋਂ
ਨਹੀਂ ਤਾਂ ਉਸਦੇ ਘਰਵਾਲਿਆਂ ਨੇ
ਵਿਆਹ ਦੇਣੀ ਹੈ ਉਸਦੇ ਹੀ ਮਾਮੇ ਦੇ ਮੁੰਡੇ ਨਾਲ
ਜੋ ਉਸਨੂੰ ਬਿਲਕੁਲ ਵੀ ਪਸੰਦ ਨਹੀਂ
ਇਹਨਾਂ ਚੋ ਇਕ ਕੁੜੀ ਅਦਿਤੀ
ਜਿਸਨੂੰ ਉਸਦੇ ਪਿਤਾ ਨੇ
ਸਿਖਾਇਆ ਹੈ ਮੋਟਰਸਾਇਕਲ
ਨਾਲ ਸਿਖਾਏ ਨੇ ਜੁੱਡੋ ਕਰਾਟੇ
ਤੇ ਇਹ ਵੀ ਕਿਹਾ ਕਿ
ਕੋਈ ਮੁੰਡਾ ਤੈਨੂੰ ਤੰਗ ਕਰੇ ਤਾਂ
ਉਸਨੂੰ ਕੁੱਟ ਕੇ ਹੀ ਘਰ ਆਵੀਂ
ਪਰ ਕਦੇ ਰੋਂਦੀ ਹੋਈ ਨਾ ਆਵੀਂ ਕਿ
ਫਲਾਣੇ ਮੁੰਡੇ ਨੇ ਮੈਨੂੰ ਛੇੜਿਆ
ਉਹ ਅਕਸਰ ਬਦਮਾਸ਼ ਮੁੰਡਿਆਂ ਨੂੰ ਕੁੱਟ ਦਿੰਦੀ
ਤੇ ਉਸਦੀ ਮਾਂ ਕਹਿੰਦੀ ਰਹਿੰਦੀ
ਕੀ ਬਣੂਂ ਇਸ ਕੁੜੀ ਦਾ?
ਇਹਨਾਂ ਵਿਚੋਂ ਕੁਝ ਕੁੜੀਆਂ ਤਾਂ
ਸਿਰਫ ਕੁੜੀਆਂ ਹੀ ਬਣੀ ਰਹਿਣਾ
ਪਸੰਦ ਕਰਦੀਆਂ ਨੇ
ਉਹ ਔਰਤ ਬਿਲਕੁਲ ਵੀ
ਬਨਣਾ ਨਹੀਂ ਚਾਹੁੰਦੀਆਂ
ਕਿਓਂਕਿ ਉਹ ਜਾਣਦੀਆਂ ਨੇ
ਕੁੜੀ ਤੋਂ ਔਰਤ ਬਣਨ ਦਾ ਸਫ਼ਰ
ਫਰੈਂਡਸ਼ਿਪ ਬੈਂਡ ਤੋਂ ਸੋਨੇ ਦੇ
ਕੰਗਨ ਪਾਉਣ ਦਾ ਸਫ਼ਰ
--------
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,ਹੁਸ਼ਿਆਰਪੁਰ
ਪੰਜਾਬ
03.11.2020
No comments:
Post a Comment