Friday, May 27, 2022

ਵਡਾਲੀ ਭਰਾਵਾਂ ਦੀ ਸੂਫੀ ਗਾਇਕੀ

ਕਹਿੰਦੇ ਦਿਮਾਗ ਕੁਝ ਨਵਾਂ ਸੋਚਣ ਤੇ ਦਿਲ ਮਹਿਸੂਸ ਕਰਨ ਬਣਾਇਆ ਗਿਆ। ਛੋਟੇ ਹੁੰਦਿਆਂ ਅਸੀਂ ਦੁਨੀਆ  ਨੂੰ ਜਿਉੰਦੇ ਹਾਂ, ਮਾਣਦੇ ਹਾਂ, ਕਿਉਂਕਿ ਦਿਲ ਹੀ ਹੁੰਦਾ ਹੈ।  ਫਿਰ ਚੂਹਾ ਦੌਡ਼ ਸ਼ੁਰੂ ਹੁੰਦੀ ਹੈ , ਦਿਮਾਗ  ਦਿਲ ਤੇ ਕਬਜਾ ਕਰ ਲੈਂਦਾ ਹੈ ਤੇ ਅਸੀਂ ਹੱਸਣਾ, ਨੱਚਣਾ ਜੀਵਨ ਦੇ ਸੁਹੱਪਣ ਨੂੰ ਮਾਣਨਾ ਭੁੱਲ ਜਾਂਦੇ ਹਾਂ। 
ਕੁਝ ਕਲਾਕਾਰ ਨੇ ਜਿਹਨਾਂ ਕਰਕੇ ਅਸੀਂ ਫਿਰ ਉਹੀ ਸਿਆਣਪ, ਦੋ ਦੂਣੀ ਚਾਰ ਵਾਲੀ ਦੁਨੀਆ ਭੁੱਲਕੇ ਆਪਣੇ ਦਿਲ ਦੀਆਂ ਤਾਰਾਂ ਛੇਡ਼ਦੇ ਹਾਂ।  

ਇਹੋ ਜਿਹੀ ਤਾਰ ਛੇਡ਼ਨ ਵਾਲੇ, ਰੱਬ ਦੀ ਦਾਤ ਵਾਲੇ, ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵਡਾਲੀ ਦੋ ਭਰਾ, ਦੋਵੇਂ ਲਾਜਵਾਬ ਨੇ। ਇਹ ਸੂਫੀ ਗਾਇਕੀ ਦੀ ਪੰਜਵੀਂ ਪੀੜੀ ਹੈ, ਜੋ ਅਮ੍ਰਿਤਸਰ ਲਾਗੇ, " ਗੁਰੂ ਕੀ ਵਡਾਲੀ", ਤੋਂ ਨੇ।  

2007 ਅਕਤੂਬਰ ਚ ਇਕ ਐਤਵਾਰ, ਮੈਂ ਭੂਲ ਭੂਲਇਆ ਫਿਲਮ ਵੇਖਕੇ ਵਡਾਲੀ ਭਰਾਵਾਂ ਨੂੰ ਸੁਨਣ ਗੋਲਫ ਕਲੱਬ ਚੰਡੀਗੜ੍ਹ ਗਿਆ। ਉੱਥੇ ਜਾਕੇ ਪਤਾ ਲੱਗਾ ਕਿ ਇਹ ਤਾਂ ਵੀਆਈਪੀ ਲੋਕਾਂ ਦਾ ਕਲੱਬ ਹੈ ਤੇ ਬਿਨਾ ਪਾਸ ਤੋਂ ਅੰਦਰ ਨਹੀਂ ਜਾਇਆ ਜਾ ਸਕਦਾ। ਮੈਂ ਸਕਿਉਰਿਟੀ ਵਾਲਿਆਂ ਨਾਲ ਮਿਲਕੇ ਉਥੇ ਬਾਹਰ ਹੀ ਆਪਣਾ ਬਜਾਜ ਸਕੂਟਰ ਖੜਾ ਕੀਤਾ ਤੇ ਬੈਠ ਗਿਆ। ਲਾਗੇ ਹੀ ਸੁਖਨਾ ਝੀਲ ਹੈ ਆਲੇ ਦੁਆਲੇ ਹਰਿਆਵਲ ਹੀ ਹਰਿਆਵਲ ਹੈ। 

ਸਕਿਉਰਿਟੀ ਵਾਲੇ ਕਹਿੰਦੇ ਅਸੀਂ ਇਥੇ ਅੰਗ੍ਰੇਜਾਂ ਨੂੰ ਵਾਪਿਸ ਕਰ ਦਿੱਤਾ ਤੈਨੂੰ ਕਿਥੋਂ ਅੰਦਰ ਜਾਣ ਦਿਆਂਗੇ? 
ਮੈਂ ਉਥੇ ਲੱਗਭਗ ਡੇਢ ਦੋ ਘੰਟੇ ਬੈਠਾ ਰਿਹਾ। 
ਲੋਕਾਂ ਦਾ ਕਾਰਾਂ ਚ ਆਉਣਾ ਸ਼ੁਰੂ ਹੋ ਗਿਆ। ਸ਼ਹਿਰ ਦੇ ਆਈਏਐੱਸ ਪੀਸੀਐੱਸ ਲੋਕ ਆਏ ਬੱਤੀਆਂ ਵਾਲਿਆਂ ਗੱਡੀਆਂ ਚ।  
ਸ਼ਾਮ ਪੈ ਗਈ। ਪੰਛੀਆਂ ਦੀ ਚਹਿਚਹਾਟ ਨਾਲ ਸਮਾਂ ਰੰਗੀਨ ਹੋ ਗਿਆ। 
ਸਕਿਉਰਿਟੀ ਵਾਲਿਆਂ ਨੇ ਮੇਰੀ ਪਿਆਸ ਵੇਖੀ ਤੇ ਕਿਹਾ, ਯਾਰ ! ਤੂੰ ਵਾਕਈ ਕੋਈ ਦੀਵਾਨਾ ਲੱਗਦਾ ਹੈ,  
ਇਕ ਕੰਮ ਕਰ ਤੂੰ ਇਧਰ ਰਸੋਈ ਵਾਲੇ ਰਸਤੇ ਤੋਂ ਅੰਦਰ ਚਲਾ ਜਾ ਆਪਣਾ ਸਕੂਟਰ ਪਾਰਕਿੰਗ ਚ  ਖੜਾ ਕਰਕੇ ਆ।
ਫਿਰ ਮੈਂ ਰਸੋਈ ਦੇ ਰਸਤੇ ਅੰਦਰ ਚਲਾ ਗਿਆ। 
ਉਥੇ ਅੰਦਰ ਸਭ ਵੱਡੇ ਵੱਡੇ ਲੋਕ ,
ਮੈਂ ਵੀ ਸੀਟ ਤੇ ਬੈਠ ਗਿਆ। 


ਵਡਾਲੀ ਭਰਾ ਆਏ ਓਹਨਾ ਰੰਗ ਬੰਨ ਦਿੱਤਾ।
ਕੈਸਟ ਤੇ ਤਾਂ ਬਹੁਤ ਵਾਰ ਸੁਣਿਆ ਪਰ ਹੁਣ ਸਿੱਧਾ ਸੁਣਨਾ ਅਲੱਗ ਹੀ ਆਨੰਦ ਦੇ ਰਿਹਾ ਸੀ।
ਓਧਰ ਪੈਗ ਚੱਲ ਰਹੇ ਸੀ ਮੈਂ ਵੇਖਿਆ ਪਤੀ ਆਪਣੀਆਂ ਪਤਨੀਆਂ ਲਈ ਪੈੱਗ ਪਾ ਲਿਆ ਰਹੇ ਨੇ। 
ਮੈਂ ਵੇਖਿਆ, ਜੋ ਦੁਨੀਆ ਲਈ ਅਫਸਰ ਹੈ ਇਥੇ ਘਰਵਾਲੀ ਦਾ ਗ਼ੁਲਾਮ ਹੈ, ਵਾਹ ਬਈ ਕੁਦਰਤ। 😀😀

ਖੁੱਲੇ ਮੈਦਾਨ ਚ ਕੁਰਸੀਆਂ ਲੱਗੀਆਂ ਹੋਈਆਂ ਤੇ ਵਡਾਲੀ ਭਰਾਵਾਂ ਦਾ ਰੰਗ ਕਮਾਲ ਸੀ।

ਇਕ ਸ਼ੇਅਰ ਉਹ ਅਕਸਰ  ਗਾਉਂਦੇ 
"ਵੋ ਜੋ ਉਨਸੇ ਪਰੇ ਬੈਠੇ ਹੈ 
ਵੀ ਨਹੀਂ ਵੋ 
ਜੋ ਉਨਸੇ ਪਰੇ ਬੈਠੇ ਹੈਂ
( ਦੂਜਾ ਭਰਾ ਕਹਿੰਦਾ ਵੇਖੋ, ਬੜੇ ਭਇਆ ਮਹਿਫ਼ਿਲ ਮੇਂ ਕਿਸੀ ਪਰ ਫਾਇਦਾ ਹੋ ਗਏ)  
ਹਮ ਉਨ ਪੈ ਮਰੇ ਬੈਠੇ  ਹੈਂ 
ਯੇ ਤੋਂ ਦਿਲ ਆਨੇ ਕਿ ਬਾਤ ਹੈ 
ਵਰਨਾ ਮਹਿਫ਼ਿਲ ਮੈ ਹਸੀਂ ਤੋਂ 
ਪਰੇ ਸੇ ਪਰੇ ਬੈਠੇ ਹੈਂ" 

ਮਸਤੀ ਤਾਂ ਹਰ ਕੋਈ ਚਾਹੁੰਦਾ ਹੈ। 
ਬੁੱਲੇ ਸ਼ਾਹ, ਫ਼ਰੀਦ ਲੋਕਗੀਤਾਂ ਨੂੰ ਆਪਣੀ ਆਵਾਜ਼ ਦੇ ਜਾਦੂ ਦੇ ਰੰਗ ਚ ਭਿਓਂ ਕੇ ਜੋ ਰੰਗ ਬੰਨਿਆ ਉਹ ਅਲੱਗ ਹੀ ਦੁਨੀਆਂ 'ਚ ਲੈ ਗਿਆ। 

"ਤੇਰੇ ਦਰਬਾਰ ਮੇਂ ਹਰ ਬਾਤ ਅਜਬ ਦੇਖੀ ਹੈ 
ਇਨਾਇਤ ਕੀ ਨਜ਼ਰ ਹਰ ਇਕ ਪੈ ਇਕ ਸੀ ਦੇਖੀ ਹੈ 
ਬਿਗੜ ਜਾਏ ਜੋ ਕਿਸਮਤ, ਤੇਰੇ ਦਰ ਪੇ ਬਨੀ ਦੇਖੀ ਹੈ 
ਤੁਝੇ ਬਾਂਟਤੇ ਹੂਏ ਨਹੀਂ ਦੇਖਾ ਪਰ ਝੋਲੀਆਂ ਭਰੀ ਹੁਈ ਦੇਖੀ ਹੈਂ" 

ਦਮਾ ਦਮ ਮਸਤ  ਕਲੰਦਰ, 
ਸੁਣਕੇ ਤਾਂ ਬੰਦਾ ਮਸਤੀ ਦੀ ਦੁਨੀਆਂ ਚ ਗੁਆਚ ਜਾਂਦਾ ਹੈ। 
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ, ਜੋ ਕੈਸੇਟ ਚ ਹੈ ਤੇ ਇਹਨਾਂ ਨੂੰ ਲਾਈਵ ਸੁਨਣ ਚ ਜ਼ਮੀਨ ਅਸਮਾਨ ਦਾ ਫਰਕ ਹੈ, ਜਿੰਨੀ ਦੇਰ ਦਾ ਉਹ ਗਾਣਾ ਟੇਪ ਤੇ ਹੈ ਉੱਨੀ ਦੇਰ ਤਾਂ ਅਲਾਪ ਚ ਨਿਕਲ ਜਾਂਦੀ ਹੈ।
 
"ਤੇਰਾ ਹੀ ਨਾਮ ਸੁਨਕਰ ਬਾਬਾ, ਆਇਆ ਹੂੰ ਦੂਰ ਸੇ 
ਝੋਲੀ ਮੇਰੀ ਕੋ ਭਰ ਦੇ ਬਾਬਾ, ਆਪਣੇ ਹੀ ਨੂਰ ਸੇ 
ਯਹਾਂ ਜ਼ਿਕਰੇ ਹਬੀਬ਼ ਹੋਤਾ ਹੈ 
ਖ਼ੁਦਾ ਉਨਕੇ ਕਰੀਬ ਹੋਤਾ ਹੈ
ਤੇਰੀ ਚੌਖਟ ਸੇ ਮਾੰਗਣੇ ਵਾਲਾ ਬਾਬਾ 
ਕੌਣ ਕਹਿਤਾ ਹੈ ਕਿ ਗਰੀਬ ਹੋਤਾ ਹੈ" 

ਉਸ ਰਾਤ 11 ਕੁ ਵਜੇ ਤੱਕ ਗਾਣਾ ਚੱਲਿਆ। 
ਮਿੱਤਰਾਂ ਨੇ ਸਕੂਟਰ ਚੁਕਿਆ ਤੇ ਘਰ। 

-------
ਇਹਨਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਫਿਲਮਾਂ ਚ ਵੀ ਕਈ ਗੀਤ ਗਾਏ ਨੇ,  ਜਿਵੇਂ ਕਿ ਪਿੰਜਰ, ਧੂਪ, ਚੀਕੂ ਬਕੂ (ਹਰਿਹਰਨ ਨਾਲ ਤਮਿਲ ਫਿਲਮ ਵਿੱਚ), ਮੌਸਮ ਆਦਿ । 
ਪਿਆਰੇ ਲਾਲ ਵਡਾਲੀ, ਰੱਬ ਨੂੰ ਪਿਆਰੇ ਹੋ ਗਏ ਤੇ ਹੁਣ ਲਖਵਿੰਦਰ ਵਡਾਲੀ ਸੂਫੀ ਗਾਇਕੀ ਗਾ ਰਿਹਾ ਹੈ।  

ਫਿਰ ਮਿਲਾਂਗਾ। 
ਰਜਨੀਸ਼ ਜੱਸ






No comments:

Post a Comment