Sunday, January 2, 2022

ਰਕਸ਼ਪਾਲ ਅੰਕਲ ਦੀਆਂ ਯਾਦਾਂ

ਉਹਨਾਂ ਜ਼ਿੰਦਗੀ ਨੂੰ ਉਂਝ ਜੀਵਿਆ ਜਿਵੇਂ ਉਹ ਜੀਉਣੀ ਚਾਹੀਦੀ ਹੈ।
ਜੇ ਸ਼ਰਾਬ ਤਾਂ ਗ਼ਾਲਿਬ ਵਾਂਙ ਰੱਜ ਕੇ ਸ਼ਰਾਬ ਪੀਤੀ, ਫਿਰ ਛੱਡੀ ਤਾਂ ਸਤਿਆ ਨਾਰਾਇਣ ਗੋਇੰਕਾ ਦਾ 23 ਦਿਨਾਂ ਦਾ ਵਿਪਸਨਾ ਕੈਂਪ ਲਾਇਆ ਉਹ ਵੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਚ ਜਾਕੇ। 
ਉਹਨਾਂ ਦੀ ਲਾਇਬ੍ਰੇਰੀ ਚ ਜ਼ਫ਼ਰਨਾਮਾ ਤੋ ਲੈਕੇ ਦ ਬ੍ਰੀਫ ਹਿਸਟਰੀ ਆਫ ਟਾਈਮ ਕਿਤਾਬਾਂ ਸਨ। 
ਮੈਂ ਜਦ  ਚ ਸਰਕਾਰੀ ਕਾਲਜ ਹੁਸ਼ਿਆਰਪੁਰ ਚ ਪੜ੍ਹਦਾ ਸੀ ਤਾਂ ਮੈਂ ਸ਼ਰਮਾਕਲ ਜਿਹਾ ਮੁੰਡਾ ਹੁੰਦਾ ਸੀ। ਉੱਥੇ ਕੁੜੀਆਂ ਨੇ ਮੈਨੂੰ ਛੇੜਨਾ ਤਾਂ ਮੈਂ ਉਹਨਾਂ ਕੋਲ ਜਾਣਾ ਤੇ ਕਿਹਾ, ਕੁੜੀਆਂ ਮੈਨੂੰ ਛੇੜਦੀਆਂ ਨੇ ।
ਉਹਨਾਂ ਹੱਸਕੇ ਕਿਹਾ," ਤੂੰ ਜਵਾਨ ਹੈ ਤਾਂ ਤੈਂਨੂੰ ਹੀ ਛੇਡ਼ਣਗੀਆਂ, ਮੈਨੂੰ ਬੁੱਢੇ ਨੂੰ ਤਾਂ ਨਹੀਂ।"😄😄

ਰਕਸ਼ਪਾਲ ਸ਼ਰਮਾ, ਫੌਜ ਚੋ ਰਿਟਾਇਰ ਇਕ ਵਿਦਵਾਨ ਜਿਸਨੇ ਆਪਣੀ ਸੋਚ ਬਚਾ ਕੇ ਰੱਖੀ ਤੇ ਆਪਣੀ ਵਿਦਵਤਾ ਨਾਲ ਹੋਰ ਦੀਵੇ ਵੀ ਜਗਾਏ। 
ਸ਼ੇਕਸਪੀਅਰ , ਦੁਨੀਆ ਭਰ ਦਾ ਇਤਿਹਾਸ ,ਬਹੁਤ ਕੁਝ ਸਮੋਇਆ ਸੀ ਉਹਨਾਂ ਕੋਲ।

ਉਹਨਾਂ, ਹਿਜ਼ ਪ੍ਰਿੰਟਿੰਗ ਪ੍ਰੈਸ ਖੋਲੀ। ਪ੍ਰੋਫੈਸਰ ਭਾਰਤੀ, ਮੇਰੇ ਬਾਪੂ ,ਵਿਕਾਸ ਤੇ ਹੋਰ ਮਿੱਤਰਾਂ ਦੀ ਮਹਿਫ਼ਿਲ ਲੱਗਦੀ।
"ਧੂਮਕੇਤੂ," ਨਾਮ ਦੀ ਕਿਤਾਬ ਛਾਪੀ ਜੋ ਬ੍ਰਹਿਮੰਡ ਸਾਇੰਸ ਸਾਹਿਤ ਨੂੰ ਮਿਲਾਉਂਦੀ ਸੀ। ਫਿਰ ਬੱਸੀ ਗ਼ੁਲਾਮ ਹੁਸੈਨ ਦੇ ਰਸਤੇ ਚ ਵਿਕਾਸ ਹੋਰਾਂ ਦੇ ਫਾਰਮ ਹਾਊਸ ਤੇ  ਰਹੇ। ਉਹਨਾਂ ਇਕ ਖੋਪੜੀ ਰੱਖ ਲਈ ਤਾਓ ਫ਼ਕੀਰਾਂ ਵਾਂਙ। 

ਉਹਨਾਂ ਇਹ ਗੱਲ ਸੱਚ ਕੀਤੀ,ਆਦਮੀ ਉਦੋਂ ਬੁੱਢਾ, ਨਹੀਂ ਹੁੰਦਾ ਜਦ ਉਹਦੇ ਬਾਲ ਚਿੱਟੇ ਹੋ ਜਾਣ, ਸਗੋਂ ਉਹ ਉਦੋਂ ਬੁੱਢਾ ਹੁੰਦਾ ਜਦ ਉਹ ਮਹਾਨ ਸੁਫਨੇ ਵੇਖਣੇ ਬੰਦ ਕਰ ਦਿੰਦਾ ਹੈ। 

ਮੈਂ ਓਹਨਾ ਕੋਲ ਘੰਟਿਆਂ ਬੱਧੀ ਬੈਠਾ ਰਹਿੰਦਾ ਗੱਲਾਂ ਹੁੰਦੀਆਂ ਮਨੁੱਖਤਾ ਦੀਆਂ ਬੁੱਧ ਦੀਆਂ, ਸਮੇਂ ਦਾ ਪਤਾ ਨਾ ਲੱਗਣਾ।
ਮੈਂ ਛੁੱਟੀ ਆਉਣਾ, ਮਾਂ ਨੇ ਕਹਿਣਾ ਤੂੰ ਫਲਾਣੇ ਰਿਸ਼ਤੇਦਾਰ ਕੋਲ ਜਾ ਆ।
ਬਾਪੂ ਜੀ ਨੇ ਕਹਿਣਾ, ਜੇ ਤੂੰ ਰਕਸ਼ਪਾਲ ਨੂੰ ਮਿਲਣ ਜਾ ਰਿਹਾ ਤਾਂ ਜਾ ਮੈਂ ਆਪ ਹੀ ਜਾ ਆਉ ਰਿਸ਼ਤੇਦਾਰਾਂ ਦੇ। (ਹਾਲਾਂਕਿ ਉਹ ਵੀ ਨਾ ਜਾਂਦੇ ਇਹੀ ਕਾਰਨ ਆ, ਬਾਪੂ ਵਾਂਗ ਮੇਰੇ ਵੀ ਬਹੁਤ ਦੋਸਤ ਨੇ)
ਮੇਰੀ ਕਿਤਾਬ , ਅਣਜਾਣ ਟਾਪੂ ਦੇ ਟਾਇਟਲ ਪੇਜ ਤੇ ਵੀ ਉਹਨਾਂ ਦਾ ਜਿਕਰ ਹੈ। 
ਫਿਰ ਜਦ ਓਹਨਾ ਕੋਲ ਬੈਠੀਆਂ ਘੰਟੇ ਬੀਤ ਜਾਣੇ  ਤਾਂ ਬਾਪੂ ਜੀ ਦਾ ਫੋਨ ਆਉਣਾ, ਆ ਜਾ ਹਨੇਰਾ ਹੋ ਗਿਆ ਹੈ ।
ਕੁਝ ਦਿਨ ਪਹਿਲਾਂ ਪ੍ਰੋਫੈਸਰ ਭਾਰਤੀ ਹੋਰਾਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ," ਰਜਨੀਸ਼ ਤੇਰੇ ਪਿਤਾ ਤੋਂ ਕੁਝ ਦਿਨ ਪਹਿਲਾਂ ਹੀ ਰਕਸ਼ਪਾਲ ਹੋਰੀਂ ਵੀ ਜੰਨਤ ਨਸ਼ੀਨ ਹੋ ਗਏ। ਇਹ ਅਲੱਗ ਹੀ ਰੂਹਾਂ ਸਨ ਜੋ ਲੱਗਦਾ ਕਿਸੇ ਹੋਰ ਹੀ ਦੁਨੀਆਂ ਤੋਂ ਆਏ ਸਨ ਅੱਜਕਲ ਅਜਿਹੇ ਬੰਦੇ ਨਹੀਂ ਮਿਲਦੇ।" 

ਮੈਨੂੰ ਵੀ ਯਾਦ ਆਇਆ ਇਕ ਵੇਰਾਂ ਇਹ ਸਾਡੇ ਘਰ ਆਏ ਰੋਟੀ ਖਾ ਲਈ ਤੇ ਹੱਥ ਨਾਲ ਹੀ ਸਬਜ਼ੀ ਖਾਣ ਲੱਗ ਪਏ। ਮੈਂ ਕਿਹਾ, "ਅੰਕਲ ਜੀ ਚਮਚਾ ਲੈ ਲਓ।"
ਉਹ ਕਹਿੰਦੇ, "ਰੱਬ ਨੇ ਪੰਜ ਉਂਗਲਾਂ ਦਾ  ਇਹ ਚਮਚਾ ਬਣਾਇਆ ਹੈ ਇਸਦਾ ਕੋਈ ਜਵਾਬ ਨਹੀਂ।" 

ਉਹਨਾਂ ਸਾਈਕਲ ਤੇ ਹੀ ਰੌੜੀਆਂ ਪਿੰਡ ਤੋਂ ਹੁਸ਼ਿਆਰਪੁਰ ਚਲੇ ਜਾਣਾ 
ਫਿਰ ਪੁਲਿਸ ਲਾਈਨ ਚ ਅਧਿਕਾਰੀਆਂ ਨੂੰ ਗੱਲਬਾਤ ਕਰਨ ਦੀ ਟ੍ਰੇਨਿੰਗ ਵੀ ਦਿੱਤੀ।
ਉਹਨਾਂ ਦੀ ਇੰਗਲਿਸ਼ ਵਿਸ਼ੇ ਤੇ ਬਹੁਤ ਪਕਡ਼ ਸੀ।
 ਮੈਂ ਉਹਨਾਂ ਨਾਲ ਉਹਨਾਂ ਦੇ ਚੁਬਾਰੇ ਤੇ ਬੈਠੇ ਹੋਣਾ ਮੇਰੇ ਲਈ ਚਾਹ ਬਨਵਾਉਣੀ, ਖੂਬ ਗੱਲਾਂ ਕਰਨੀਆਂ। ਜਦ ਕਿਤੇ ਗੱਲ ਹੋਣੀ ਕਿ ਸਮਾਜ ਦਾ ਬਹੁਤ ਨਿਘਾਰ ਹੋ ਗਿਆ ਹੈ ਤਾਂ ਉਹਨਾਂ ਕਹਿਣਾ," ਰਜਨੀਸ਼ ਅੱਖਾਂ ਬੰਦ ਕਰ ਆਪਣੇ ਅੰਦਰ ਸ਼ਾਂਤੀ ਲੱਭ ਬਾਹਰ ਤਾਂ ਰੌਲਾ ਹੀ ਹੈ। ਹੋ ਸਕਦਾ ਤੇਰੀ ਸ਼ਾਂਤੀ ਨਾਲ ਸਮਾਜ ਚ ਕੁਝ ਤਣਾਅ ਘਟ ਜਾਏ। "
ਉਹਨਾਂ ਦੀ ਛੱਤ ਤੇ ਅਕਸਰ ਮੋਰ ਦਿਖ ਜਾਂਦੇ। ਉਹਨਾਂ ਦੇ ਪਿੰਡ ਬਹੁਤ ਮੋਰ ਸਨ। ਸਾਡੇ ਪਿੰਡ ਪੁਰਹੀਰਾਂ ਤੋਂ 4 ਕੁ ਕਿਲੋਮੀਟਰ ਹੈ ਉਹਨਾਂ ਦਾ ਪਿੰਡ, ਰੌੜੀਆਂ।

ਉਹ ਟਾਈਮਜ਼ ਆਫ ਇੰਡੀਆ ਚ ਸੁਡੋਕੂ ਖੇਲਦੇ ਕਹਿੰਦੇ ਇਹ ਦਿਮਾਗ ਨੂੰ ਜਵਾਨ ਰੱਖਣ ਲਈ ਸਹਾਇਕ ਹੈ। 

ਓਸ਼ੋ ਕਹਿੰਦੇ ਨੇ, ਤੁਸੀਂ ਮੇਰੇ ਮਰੇ ਤੇ ਮੈਨੂੰ ਚੰਗਾ ਬੰਦਾ ਕਹੋਗੇ ਮੇਰੇ ਸਾਰੇ ਗੁਨਾਹ ਮਾਫ ਕਰ ਦਿਓਗੇ। ਪਰ ਜੇ ਇਹ ਸਭ ਮੇਰੇ ਜਿਉਂਦੇ ਜੀ ਕਰ ਦਿਓ ਤਾਂ ਵਧੀਆ ਕਿਉਕਿਂ ਮੇਰੇ ਮਰੇ ਤੇ ਤਾਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਲੱਗਣਾ।"

ਸੋ ਸਾਡੇ ਆਲੇ ਦੁਆਲੇ ਕਿੰਨੇ ਹੀ ਅਜਿਹੇ ਵਿਦਵਾਨ ਤੇ ਸਹਿਜ ਲੋਕ ਨੇ ਜਿਹਨਾਂ ਕੋਲ ਬੈਠਕੇ ਸਾਨੂੰ ਸਹਿਜਤਾ ਮਹਿਸੂਸ ਹੁੰਦਾ ਹੈ ਸੋ ਉਹਨਾਂ ਕੋਲ ਬੈਠਕੇ ਸਮਾਂ ਬਿਤਾਉਣਾ ਸਾਡੇ ਪਲਾਂ ਨੂੰ ਹਸੀਨ ਬਣਾ ਦਿੰਦਾ ਹੈ।
 ਜੀਵਨ ਦੀ ਕੋਈ ਮੰਜ਼ਿਲ ਨਹੀਂ ਇਹ ਤਾਂ ਇੱਕ ਅਨੰਤ ਦਾ ਸਫ਼ਰ ਹੈ, ਜਿਸ ਵਿੱਚ ਪੰਜ ਤੱਤ ਮਿਲਦੇ, ਮਨ ਆਉਂਦਾ ਤਾਂ ਮਨੁੱਖ ਬਣਦਾ ਫਿਰ ਉਹ ਜੀਵਨ ਜਿਉਂਦਾ ਤੇ ਫਿਰ ਦੁਬਾਰਾ ਉਹੀ ਪੰਜ ਤੱਤਾਂ ਚ ਮਿਲ ਜਾਂਦਾ ਤੇ ਛੱਡ ਜਾਂਦਾ ਪਿੱਛੇ ਹਸੀਨ ਯਾਦਾਂ, ਅੱਖਾਂ ਚ ਹੰਝੂ ਤੇ ਬੁੱਲਾਂ ਤੇ ਮੁਸਕੁਰਾਹਟ।
ਅਲਵਿਦਾ ਰਾਕਸ਼ਪਾਲ ਜੀ।

ਤਸਵੀਰ ਚ ਬਾਪੂ ਗੁਰਬਖਸ਼ ਜੱਸ ਹੋਰਾਂ ਨਾਲ, ਰਕਸ਼ਪਾਲ ਸ਼ਰਮਾ।
#rakshpal_sharma
#rakshpalsharma

No comments:

Post a Comment