Saturday, September 11, 2021

ਕਦੇ ਤਾਂ ਇੰਨੀ ਫੁਰਸਤ ਕੱਢੋ

ਕਦੇ ਤਾਂ ਇੰਨੀ ਫੁਰਸਤ  ਕੱਢੋ

ਕਦੇ ਤਾਂ ਇੰਨੀ ਫੁਰਸਤ  ਕੱਢੋ 
ਕਿ ਸੁਣ ਸਕੋ 
ਕਬੂਤਰਾਂ ਦੀ ਗੁਟਰਗੂੰ
ਆਪਣੇ ਹੀ ਘਰ ਦੇ ਵਰਾਂਡੇ ਚ ਬਣੇ 
ਉਹਨਾਂ ਦੇ ਆਲ੍ਹਣੇ ਚੋਂ
 
ਕਦੇ ਬਾਹਰ ਕੀੜੀਆਂ ਦੇ ਭੌਂਣ 
ਤੇ ਦਿੱਤੇ ਆਂਡਿਆਂ ਨੂੰ ਗਹੁ ਨਾਲ ਤੱਕੋ 
ਤੇ ਵੇਖੋ ਕਿਵੇਂ ਚੱਲਦੀਂਆਂ ਨੇ ਉਹ 
ਕਿਸੇ ਅਨੁਸ਼ਾਸਿਤ ਫੌਜ ਵਾਂਙ 

ਕਦੇ ਤਾਂ ਸੁੰਘੋ 
ਘਰ ਦੇ ਗਮਲੇ ਚ ਲੱਗੇ
ਤੁਲਸੀ ਦੇ ਬੂਟੇ ਦੀ ਮਿੱਠੀ ਤੇ 
ਕੜੀ ਪੱਤੇ ਦੀ 
ਤਿੱਖੀ ਜਿਹੀ ਮਹਿਕ ਨੂੰ 

ਕਦੇ ਆਪਣੇ ਹੀ ਆਪ ਨੂੰ
ਸ਼ੀਸ਼ੇ ਚ ਤੱਕ ਕੇ ਅੱਖ ਮਾਰੋ 
ਫਲਾਇੰਗ ਕਿੱਸ ਭੇਜੋ 
ਕਦੇ ਆਪਣੇ ਹੀ ਆਪ ਨੂੰ ਇਸ਼ਕ਼ ਕਰੋ 
ਚੁੰਮੋ ਆਪਣਾ ਹੀ ਹੱਥ
 
ਕਦੇ ਬਰਸਾਤ ਚ ਆਪਣੇ
ਘਰ ਦੀ ਬਾਲਕੋਨੀ ਚ 
ਖਲੋ ਕੇ ਤੱਕੋ ਨਜ਼ਾਰਾ 
ਬਾਰਿਸ਼ ਦਾ 
ਕਿਵੇਂ ਇੱਕ ਇੱਕ ਕਣੀ ਮਿਲਕੇ
ਵਗਾ ਦਿੰਦੀਆਂ 
ਪਾਣੀ ਦਾ ਪਰਨਾਲਾ 
ਕਿੰਝ ਨਿੱਕੀਆਂ ਨਿੱਕੀਆਂ ਬੂੰਦਾਂ  
ਕਰਦੀਆਂ ਨੇ ਕਲਾਕਾਰੀ 
ਗੁਲਾਬ ਦੀਆਂ ਪੰਖੜੀਆਂ ਤੇ

ਕਦੇ ਆਪਣੀ ਹੀ ਘਰਵਾਲੀ ਨੂੰ
ਬਣਾ ਕੇ ਦਿਓ ਚਾਹ ਦਾ ਕੱਪ 
ਜਦ ਕਿਤੇ ਉਹ ਮਾਰ ਰਹੀ ਹੋਵੇ
ਗੱਪਾਂ ਸੋਫੇ ਤੇ ਬੈਠਕੇ
ਆਪਣੀ ਸਹੇਲੀ ਨਾਲ  
ਕਦੇ ਜੀਵਨ ਸਾਥਣ ਨੂੰ ਵੀ ਕਹੋ 
ਸਾਂਭਦਾ ਹਾਂ ਮੈਂ ਨਿਆਣੇ 
ਤੂੰ ਵੀ ਕੱਟ ਆ ਆਪਣੀ 
ਸਹੇਲੀਆਂ ਨਾਲ ਮਨਾਲੀ ਦਾ ਟੂਰ 

ਕਦੇ ਬੱਦਲਾਂ ਚ ਪੂਰਾ ਚੰਨ 
ਵੇਖਕੇ ਕਰੋ ਬੰਦ ਅੱਖਾਂ 
ਮਹਿਸੂਸ ਕਰੋ
ਆਪਣੇ ਅੰਦਰ ਉਠਦੇ 
ਜਵਾਰ ਭਾਟੇ ਨੂੰ 

ਕਦੇ ਲੱਭੋ ਆਪਣੇ ਅੰਦਰ
ਉਹ ਬੱਚਾ ਜੋ ਹੱਸਦਾ ਸੀ 
ਬਿਨਾਂ ਕਿਸੇ ਕਾਰਨ ਤੋਂ 

ਕਦੇ ਬੁਲਾਓ ਆਪਣੇ ਦੋਸਤ ਨੂੰ 
ਬਿਨਾਂ ਹੀ ਕਿਸੇ ਕੰਮ ਤੋਂ
ਪੀਓ ਚਾਹ ਦਾ ਕੱਪ
ਕਿਸੇ ਚਾਹ ਦੀ ਟੱਪਰੀ ਤੋਂ

ਕਦੇ ਨਿਕਲ ਜਾਓ ਇਕੱਲੇ 
ਪਹਾਡ਼ ਨੂੰ 
ਮਿੱਤਰ ਬਣਾ ਲਓ ਸਡ਼ਕ,
ਦਰਖਤ, ਫੁੱਲ, ਪੱਤੀਆਂ
ਜੰਗਲ, ਅਣਜਾਣ ਲੋਕਾਂ ਨੂੰ

ਕਦੇ ਅਧਿਆਪਕ, ਕਿਸਾਨ,
ਮੋਚੀ ਦਾ ਸ਼ੁਕਰੀਆ ਕਰੋ
ਜੋ ਤੁਹਾਡੀ ਸ਼ਖਸ਼ੀਅਤ ਨੂੰ 
ਬਣਾਉਣ ਚ ਸਹਾਈ ਨੇ

ਕਦੇ ਆਪਣੇ ਵਿਚਾਰਾਂ ਨੂੰ ਤੱਕੋ 
ਚਲਦੇ ਚਲਦੇ ਰੁਕ ਜਾਓ 
ਤੇ ਬਣ ਜਾਓ ਸਟੈਚੂ ਬੱਚਿਆਂ ਵਾਂਙ 
ਫਿਰ ਤੱਕੋ ਰੁਕੇ ਹੋਏ ਮਨ ਨੂੰ 

ਕਦੇ ਤੱਕੋ ਬੁੱਧ ਦੀ ਮੂਰਤੀ 
ਤੇ ਮਨ ਨੂੰ ਵੈਰਾਗੀ ਹੋ ਜਾਣ ਦਿਓ 
ਕਦੇ ਮੀਰਾਂ ਦੇ ਭਜਨ ਸੁਣ ਕੇ ਰੋ ਪਵੋ 
ਕਦੇ ਨੱਚ ਲਓ 
ਨੁਸਰਤ ਦੀਆਂ ਕਵਾੱਲੀਆਂ ਲਾ ਕੇ 
ਕਦੇ ਤਾਂ ਛੱਡ ਦਿਓ ਸਮਝ ਦਾ ਪੱਲਾ
ਤੇ ਬਣ ਜਾਓ ਕਮਲੇ 
ਕਦੇ ਤੇ ਹੋ ਜਾਓ ਬੇਅਕਲ
ਕਦੇ ਤੇ ਹੋ ਜਾਓ ਬੇਅਕਲ
@ਰਜਨੀਸ਼ ਜੱਸ
#poetry
#punjabi_poetry

No comments:

Post a Comment