ਕੱਲ ਫੋਟੋਗ੍ਰਾਫਰ ਰਵਿੰਦਰ ਰਵੀ ਦੀ ਸਕੂਲ ਦੀ ਘੰਟੀ ਮਾਰਨ ਵਾਲੀ ਤਸਵੀਰ ਵੇਖਕੇ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ।
ਮੈਂ ਸੱਤਵੀ ਤੋਂ ਦਸਵੀ ਤੱਕ ਸਾਰਕਾਰੀ ਹਾਈ ਸਕੂਲ ਘੰਟਾਘਰ , ਹੁਸ਼ਿਆਰਪੁਰ ਚ ਪੜ੍ਹਿਆ।
ਟਾਟ ਤੇ ਭੁੰਜੇ ਹੀ ਬਹਿਣਾ। ਮਾਸਟਰਾਂ ਨੇ ਪੜ੍ਹਾਉਣਾ। ਜਦ ਪੀਰੀਅਡ ਖਤਮ ਹੋਣਾ ਤਾਂ ਸਕੂਲ ਦੀ ਘੰਟੀ ਵੱਜਣੀ। ਓਹਨਾਂ ਦਿਨਾਂ ਚ ਰਿਜ਼ਰਵੇਸ਼ਨ ਦਾ ਬਹੁਤ ਰੌਲਾ ਪਿਆ।ਕਾਲਜਾਂ ਦੇ ਮੁੰਡਿਆਂ ਨੇ ਮੁਜਾਹਰਾ ਕਰਨਾ। ਸਾਡਾ ਸਕੂਲ ਬੰਦ ਕਰਵਾਉਣ ਆਉਣਾ। ਉਹਨਾਂ ਆਕੇ ਘੰਟੀ ਮਾਰ ਦੇਣੀ। ਕਈ ਵਾਰ ਡੀਪੀ ਤੇ ਪ੍ਰਿੰਸੀਪਲ ਨਾਲ ਬਹਿਸ ਕਰਨੀ ।
ਸਾਨੂੰ ਤਾ ਬੱਸ ਛੁੱਟੀ ਨਾਲ ਮਤਲਬ ਸੀ।
ਜਦ ਉਹ ਘੰਟੀ ਵੱਜਣੀ, ਅੱਧੀ ਛੁੱਟੀ ਸਾਰੀ ਹੋ ਜਾਣੀ ਤਾਂ ਅਸੀਂ ਛੂਟਾਂ ਵੱਟ ਦੇਣੀਆਂ। ਚਿਹਰੇ ਇਸ ਤਰ੍ਹਾਂ ਖਿਲ ਜਾਂਦੇ ਕਿ ਹੁਣ ਇੰਨੇ ਵਰ੍ਹੇ ਬਾਦ ਵੀ ਉਹ ਸਮਾਂ ਚੇਤਾ ਆਉਂਦਾ ਤਾ ਦਿਲ ਚ ਗੁਦਗੁਦੀ ਉਠਦੀ ਆ।
ਕਦੇ ਦਿਲ ਕਰਦਾ ਹੁਣ ਵੀ ਘੰਟੀ ਵੱਜੇ ਤਾਂ ਭੱਜ ਲਈਏ।
ਹੁਣ ਵੱਡੇ ਹੋਕੇ ਅਸੀਂ ਟੀਵੀ ਤੇ ਸੀਰੀਅਲ ਵੇਖਦੇ ਸੋਸ਼ਲ ਮੀਡਿਆ ਤੇ ਚੁਟਕੁਲੇ ਪੜ੍ਹਦੇ ਹਾਂ ਤਾ ਥੋੜੀ ਦੇਰ ਲਈ ਖੁਸ਼ ਹੋ ਜਾਂਦੇ ਹਾਂ, ਪਰ ਸਕੂਲ ਵਾਲੀ ਘੰਟੀ ਵਾਲੀ ਖੁਸ਼ੀ ਅੱਜ ਵੀ ਬਹੁਤ ਵੱਡੀ ਆ।
ਜੇ ਹੁਣ ਵੀ ਅਸੀਂ ਬਿਨਾਂ ਕਿਸੇ ਕਾਰਣ ਹੱਸ ਲਈਏ ਤਾਂ ਕੋਈ ਕੀ ਕਹੇਗਾ, ਇਸ ਗੱਲ ਦਾ ਡਰ ਕਰਕੇ ਇਹ ਪਾਗ਼ਲਪੰਥੀ ਨਹੀਂ ਕਰਦੇ।
ਮੈਨੂੰ ਯਾਦ ਹੈ ਨੱਬੇ ਦੇ ਦਸ਼ਕ ਚ ਸਵਾਮੀ ਸਦਾਨੰਦ (ਉਹਨਾਂ ਦਾ ਅਸਲੀ ਨਾਮ ਤਾਂ ਕੋਈ ਹੋਰ ਆ। ਓਸ਼ੋ ਦੀ ਦੀਕਸ਼ਾ ਲੈਣ ਤੇ ਨਾਮ ਬਦਲ ਦਿੱਤਾ ਜਾਂਦਾ। ਜਦੋਂ ਦੀਕਸ਼ਾ ਲਓ ਤਾਂ ਆਦਮੀ ਨੂੰ ਸਵਾਮੀ ਜਿਸਦਾ ਮਤਲਬ ਆਪਣੇ ਮਲਿਕ ਆਪ ਤੇ ਔਰਤ ਨੀ ਮਾਂ ਦੇ ਨਾਮ ਨਾਲ ਨਾਵਾਜ਼ਿਆਂ ਜਾਂਦਾ)
ਸਵਾਮੀ ਨੇ ਘਰ ਨਵਾਂ ਬਣਾਇਆ ਤਾਂ ਉਹਨਾਂ ਦੇ ਘਰ ਮਹੂਰਤ ਸੀ। ਉਥੇ ਪਹਿਲਾ ਓਸ਼ੋ ਦਾ ਪ੍ਰਵਾਚਨ ਫਿਰ ਚਾਹ ਪਾਣੀ ਤੇ ਫਿਰ ਓਸ਼ੋ ਦੇ ਚੁਟਕੁਲੇ ਚਲਾਏ। ਉਸ ਵਿਚ ਓਹਨਾਂ ਕਿਹਾ ਕੇ ਹੱਸੋ, ਅਜੀਬ ਅਜੀਬ ਅਵਾਜ਼ਾਂ ਕੱਢੋ, ਮੂੰਹ ਬਣਾਓ ਤਾਂ ਜੋ ਹਾਸਾ ਫੁੱਟੇ। ਅਸੀਂ ਹੱਸਣਾ ਸ਼ੁਰੂ ਕੀਤਾ।ਇਕ ਹੈੱਪੀ ਨਾਮ ਦਾ ਮੁੰਡਾ ਸੀ ਉਹ ਚਾਰਲੀ ਚੈਪਲਿਨ ਵਾਂਙ ਮੂਹ ਬਣਾਵੇ ਤਾਂ ਹੋਰ ਹਾਸਾ ਆਵੇ। ਹੱਸ ਹੱਸ ਕੇ ਸਾਡੇ ਢਿੱਡ ਚ ਪੀੜ ਹੋਣ ਲੱਗੀ।
ਉਥੇ ਆਲੇ ਦੁਆਲੇ ਲੋਕ ਵੇਖਣ ਕੇ ਇਹ ਸਾਰੇ ਪਾਗਲ ਹੋ ਗਏ ਜਾਂ ਇਹਨਾਂ ਨੇ ਭੰਗ ਪੀ ਲਈ ਹੈ। ਪਰ ਅਜਿਹਾ ਕੁਝ ਨਹੀਂ ਸੀ । ਉੱਥੇ ਬਨ੍ਹਜਾਰਣਾ ਨੇ ਟੈਂਟ ਲੱਗਾ ਵੇਖਕੇ ਆ ਗਈਆਂ, ਅਸੀਂ ਕਿਹਾ ਤੁਸੀਂ ਵੀ ਹੱਸੋ ਉਹ ਚਲੀਆਂ ਗਈਆਂ।
ਬਹੁਤ ਸਾਲ ਪਹਿਲਾਂ ਦੂਰਦਰਸ਼ਨ ਤੇ ਇੱਕ ਸੀਰੀਅਲ ਆਉਂਦਾ ਸੀ "ਸੁਰਭੀ" । ਸਿਧਾਰਥ ਕਕ ਤੇ ਰੇਣੁਕਾ ਸ਼ਹਾਨੇ ਉਸਨੂੰ ਪੇਸ਼ ਕਰਦੇ ਸਨ। ਉਹ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਚ ਹੋਣ ਵਾਲਿਆਂ ਸੱਭਿਆਚਾਰਕ ਤੇ ਕਲਾ ਨਾਲ ਸੰਬਧਤ ਗੱਲਾਂ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕਰਦੇ ਸੀ। ਉਸ ਵਿਚ ਇੱਕ ਵਾਰ ਕਿਹਾ ਕਿ ਜੇ ਅਸੀਂ ਸੌ ਤਾੜੀਆਂ ਮਾਰੀਏ ਤਾ ਸਾਡੇ ਸ਼ਰੀਰ ਦਾ ਆਪਣੇ ਆਪ ਅਕਯੁਪ੍ਰੈਸ਼ਰ ਹੋ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ ਚ ਬਿਮਾਰੀਆਂ ਨਾਲ ਲਡ਼ਣ ਦੀ ਤਾਕਤ ਪੈਦਾ ਹੋ ਜਾਂਦੀ ਹੈ। ਅੱਜ ਵੀ ਸਵੇਰੇ ਉੱਠਕੇ ਹੁਣ ਮੈਂ ਸੌ ਤਾੜੀਆਂ ਮਾਰਦਾ ਹਾਂ ਤੇ ਨਾਲ ਖੂਬ ਹੱਸਦਾ ਹਾਂ। ਇਹ ਲੱਗਦਾ ਤਾ ਪਾਗਲਪਨ ਹੈ।
ਸ਼ਾਇਦ ਕਿਸੇ ਤਾਓ ਫ਼ਕੀਰ ਨੇ ਕਿਹਾ ਹੈ
"ਜਦ ਮੈਂ ਸਵੇਰੇ ਉੱਠਦਾ ਹਾਂ ਤਾਂ ਮੇਰੇ ਕੋਲ ਚੋਣ ਹੁੰਦੀ ਹੈ, ਜਾਂ ਮੈਂ ਖੁਸ਼ ਹੋਵਾਂ ਜਾ ਨਿਰਾਸ਼। ਮੇਰੀ ਚੋਣ ਹਮੇਸ਼ਾ ਪਹਿਲੀ ਹੁੰਦੀ ਹੈ, ਖੁਸ਼ ਰਹਿਣ ਦੀ।"
ਇੱਕ ਬੰਦੇ ਨੂੰ ਕੋਰੋਨਾ ਹੋ ਗਿਆ। ਉਸਦੀ ਘਰਵਾਲੀ ਸਦਮੇ ਚ ਚਲੀ ਗਈ ਕਿਓਂਕਿ ਅੱਜਕਲ ਕੋਰੋਨਾ ਵਾਲੇ ਬਚ ਨਹੀਂ ਰਹੇ। ਫਿਰ ਉਹ ਬੰਦਾ ਤਾਂ ਸਹੀ ਹੋ ਗਿਆ ਪਰ ਉਸਦੀ ਘਰਵਾਲੀ ਨੂੰ ਡਿਪਰੈਸ਼ਨ ਹੋ ਗਿਆ। ਉਹ ਇਕ ਐਲੋਪੈਥੀ ਡਾਕਟਰ ਕੋਲ ਗਿਆ ਉਸਨੇ ਕਿਹਾ ਘੱਟੋ ਘੱਟ ਤਿੰਨ ਸਾਲ ਦਵਾਈ ਚੱਲੇਗੀ।
ਫਿਰ ਉਸ ਬੰਦੇ ਨੇ ਇੱਕ ਹੋਰ ਡਾਕਟਰ ਨਾਲ ਗੱਲ ਕੀਤੀ।
ਉਹ ਡਾਕਟਰ ਬਹੁਤ ਖੁਸ਼ਮਿਜਾਜ਼ ਹੈ, ਉਹ ਲੱਗਭਗ ਦੱਸ ਸਾਲ ਇੰਗਲੈਂਡ ਰਹਿਕੇ ਆਇਆ ਹੈ। ਉਸਨੇ ਕਿਹਾ ਆਪਣੀ ਘਰਵਾਲੀ ਨਾਲ ਮਿਲਕੇ ਨੱਚੋ। ਇਸ ਨਾਲ ਉਸਦਾ ਡਿਪਰੈਸ਼ਨ ਸਹੀ ਹੋ ਜਾਵੇਗਾ। ਇਹ ਹੈ ਤਾਂ ਪਾਗਲਪਨ ਪਰ ਕਈ ਬਾਰ ਪਾਗਲਪਨ ਵੀ ਜ਼ਰੂਰੀ ਹੈ।
ਕਿਸੇ ਦਾ ਸ਼ੇਅਰ ਹੈ
ਅੱਛਾ ਹੈ ਦਿਲ ਕੇ ਪਾਸ ਰਹੇ ਪਾਸਵਾਨੇ ਅਕਲ
ਪਾਰ ਕਭੀ ਕਭੀ ਇਸੇ ਤਨਹਾ ਭੀ ਛੋੜ ਦੀਜਿਏ
ਹੱਸਣ, ਨੱਚਣ ਤੇ ਤਾਲੀਆਂ ਮਾਰਨ ਨਾਲ ਕਈ ਕਿਸਮ ਦੇ ਹਾਰਮੋਨ ਸਾਡੇ ਸ਼ਰੀਰ ਚ ਐਕਟੀਵੇਟ ਹੁੰਦੇ ਨੇ ਜੋ ਸਾਡੀ ਨੀਂਦ ਨੂੰ ਗਹਿਰੀ ਕਰਦੇ ਨੇ, ਖੂਨ ਦਾ ਦੌਰਾ ਵਧੀਆ ਕਰਦੇ ਨੇ, ਫੇਫੜਿਆਂ ਚ ਆਕਸੀਜਨ ਭਰਦੇ ਨੇ, ਬਿਮਾਰੀਆਂ ਨਾਲ ਲਡ਼ਣ ਦੀ ਸ਼ਕਤੀ ਪੈਦਾ ਕਰਦੇ ਨੇ। ਤੁਸੀਂ ਵੇਖਿਆ ਹੋਣਾ ਜਦ ਡਿਪਰੈਸ਼ਨ ਆਉਂਦਾ ਤਾਂ ਸਭ ਤੋਂ ਪਹਿ ਆਂ ਨੀਂਦ ਉਡ ਜਾਂਦੀ ਹੈ ਤੇ ਡਾਕਟਰ ਨੀਂਦ ਦੀਆਂ ਗੋਲੀਆਂ ਦਿੰਦੇ ਨੇ।
ਡੋਪਾਮਾਈਨ, ਐੰਡੋਰਫਿਨ , ਓਕਸੀਟੋਸਿਨ, ਸੇਰੋਟੋਨਿਨ ਨਾਮ ਦੇ ਹਾਰਮੋਨ ਬਣਦੇ ਨੇ ਜੋ ਕੇ ਸਾਡੇ ਲਈ ਸਹਾਈ ਹੰਦੇ ਆ। ਅਮਰੀਕਾ ਚ ਚ ਸੱਤ ਬਿੱਲੀਅਨ ਡਾਲਰ ਦਾ ਬਿਜ਼ਨਸ ਹੈ ਸ ਆਨਾ ਦਵਾਈਆਂ ਦਾ।
ਮੈਂ ਸਾਈਕਲਿੰਗ ਕਰਦਾ ਹਾਂ ਤਾਂ ਸਾਡੇ ਇਕ ਕੰਪਨੀ ਦੇ ਵਿਚੇ ਪ੍ਰੈਸੀਡੈਂਟ ਨੇ ਮੈਨੂੰ ਆਪਣੀ ਕੰਪਨੀ ਚ ਬੁਲਾਇਆ।ਕਿ ਤੂੰ ਜੋ ਗੱਲਾਂ ਇੱਥੇ ਕਰਦਾ ਹੈ ਉਹ ਸਾਡੀ ਕੰਪਨੀ ਚ ਆ ਕੇ ਸਟਾਫ ਨਾਲ ਕਰ। ਮੈਂ ਗਿਆ।
ਉਸ ਵਿਚ ਓਹਨਾ ਨੂੰ ਇਕ ਸਵਾਲ ਪੁੱਛਿਆ ਕਿ ਤੁਸੀਂ ਅੱਖਾਂ ਬੰਦ ਕ ਕੇ ਸੋਚੋ, ਤੁਸੀਂ ਆਖਰੀ ਬਾਰ ਖੁੱਲ ਕੇ ਕਦੋਂ ਹੱਸੇ ਸੀ?
ਉਹਨਾਂ ਨੇ ਆਪਣੇ ਆਪਣੇ ਅਨੁਭਵ ਦੱਸੇ। ਮੈਂ ਪੁੱਛਿਆ, ਇਹ ਕੰਮ ਤੁਸੀਂ ਹਰ ਰੋਜ਼ ਕਰਨ ਚ ਕਿ ਹਰਜ ਹੈ? ਉਹਨਾਂ ਕਿਹਾ ਕੁਝ ਨਹੀਂ ।
ਤਾਂ ਮੈਂ ਕਿਹਾ ਫਿਰ ਕਰਿਆ ਕਰੋ।
ਪਰ ਮੈਨੂੰ ਪਤਾ ਲੋਕ ਇਕ ਦੋ ਦਿਨ ਕਰਕੇ ਭੁੱਲ ਜਾਂਦੇ ਨੇ। ਕੁਝ ਪਿੱਛੋਂ ਇਕ ਬੰਦੇ ਦਾ ਫੋਨ ਵੀ ਆਇਆ ਉਹ ਕਹਿੰਦਾ ਜਨਾਬ ਤੁਸੀਂ ਗੱਲਾਂ ਬਹੁਤ ਵਧੀਆ ਕੀਤੀਆਂ ਪਰ ਇਹ ਲੋਕ ਕਦੇ ਨਹੀਂ ਮੰਨਣਗੇ ਕਿਓਂਕਿ ਇਹ ਮੁਫ਼ਤ ਚ ਮਿਲੀਆਂ। ਤੁਸੀਂ ਫੀਸ ਰੱਖੋ। ਮੈਂ ਕਿਹਾ ਮੇਰਾ ਇਹ ਅਸੂਲ ਨਹੀਂ। ਮੈਨੂੰ ਤਾਂ ਜੋ ਮਿਲਿਆ ਹੈ ਮੈਂ ਉਹ ਮੁਫਤ ਵੰਡਣਾ ਹੀ ਹੈ।
ਓਸ਼ੋ ਆਪਣੀ ਗੱਲ ਨੂੰ ਸਮਝਾਉਣ ਲਈ ਕੋਈ ਕਹਾਣੀ ਜਾਂ ਚੁਟਕੁਲੇ ਦਾ ਸਹਾਰਾ ਲੈਂਦੇ ਨੇ ਜਿਸ ਕਰਕੇ ਅਸੀਂ ਗੱਲ ਆਸਾਨੀ ਨਾਲ ਸਮਝ ਜਾਂਦੇ ਹਾਂ।
ਉਹਨਾਂ ਦਾ ਇਕ ਕਿੱਸਾ ਮੈਂ ਲਿਖ ਰਿਹਾ ਹਾਂ। ਇਕ ਵਾਰ ਉਹ ਕਰ ਚ ਇਕ ਬਿਜ਼ਨਸਮੈਨ ਤੇ ਉਸਦੀ ਪਤਨੀ ਨਾਲ ਸਫਰ ਕਰ ਰਹੇ ਸੀ ਉਹ ਬਿਜ਼ਨਮੈਨ ਬਹੁਤ ਦੁਖੀ ਹੋ ਰਿਹਾ ਸੀ।
ਓਸ਼ੋ ਨੇ ਪੁੱਛਿਆ, ਕੀ ਗੱਲ ਹੋਈ?
ਉਹ ਕਹਿੰਦਾ, ਪੰਜ ਲੱਖ ਰੁਪਏ ਦਾ ਘਾਟਾ ਪੈ ਗਿਆ। ਇਸ ਤੋਂ ਪਹਿਲਾਂ ਕੇ ਓਸ਼ੋ ਕੁਝ ਹੋਰ ਪੁੱਛਦੇ ਉਸਦੀ ਪਤਨੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਜਦ ਘਰ ਪੁੱਜੇ ਤਾਂ ਉਸਦੀ ਘਰਵਾਲੀ ਨੇ ਓਸ਼ੋ ਨੂੰ ਹੌਲੀ ਜਿਹੇ ਦੱਸਿਆ, ਇਹਨਾਂ ਨੇ ਇਕ ਬਿਜ਼ਨਸ ਚ ਕੁਝ ਲੱਖ ਰੁਪਏ ਲਾਏ। ਉਥੋਂ ਦੱਸ ਲੱਖ ਬਚਤ ਦੀ ਉਮੀਦ ਸੀ, ਪਰ ਪੰਜ ਹੀ ਬਚੇ ਇਹ ਪੰਜ ਲੱਖ ਦਾ ਸ਼ੁਕਰ ਕਰਨ ਦੀ ਬਜਾਏ ਪੰਜ ਲੱਖ ਨੂੰ ਰੋ ਰਹੇ ਨੇ।😃😃😃
ਸਾਨੂੰ ਸ਼ਾਇਦ ਉਸ ਬਿਜ਼ਨਮੈਨ ਤੇ ਹਾਸਾ ਆ ਰਿਹਾ ਪਰ ਕਿਤੇ ਨਾ ਕਿਤੇ ਅਸੀਂ ਵੀ ਅਜਿਹਾ ਕਰਦੇ ਹਾਂ।
ਸਾਡੀ ਜ਼ਿੰਦਗੀ ਚ ਹੀ ਲਿਸਟ ਹੁੰਦੀ ਹੈ ਜੋ ਜੋ ਨਹੀਂ ਹੋਇਆ, ਪਰ ਜੋ ਹੋਇਆ ਹੈ ਜੇ ਉਸਨੂੰ ਵੇਖਿਆ ਤਾ ਪੰਜ ਲੱਖ ਦੀ ਖੁਸ਼ੀ ਹੀ ਮਣਾਈਏ।
ਇਸਲਈ ਮੁੜਕੇ ਬੱਚੇ ਹੋਣਾ ਪੈਣਾ।
ਘੰਟੀ ਦੀ ਆਵਾਜ਼ ਸੁਣਕੇ ਦੌੜਾਂ ਲਾਉਣ ਵਾਲੇ ਬੱਚੇ ਨੂੰ ਜਿਉਂਦਾ ਰੱਖੀਏ ਤੇ ਹੱਸੀਏ।
ਫਿਰ ਮਿਲਾਂਗਾ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ,
ਪੰਜਾਬ