Saturday, July 3, 2021

ਮੇਰੀਆਂ ਯਾਤਰਾਵਾਂ ( ਰਜਨੀਸ਼ ਜੱਸ)

ਹੁਸ਼ਿਆਰਪੁਰ ਚ ਜਨਮ ਹੋਇਆ 
ਘੁੰਮਦੇ ਰਹੇ ਜਵਾਲਾ ਜੀ, ਚਮੁੰਡਾ ਦੇਵੀ, ਕਾਂਗੜਾ, ਬੈਜਨਾਥ  
ਪਾਲਮਪੁਰ, ਅੰਧਰੇਟਾ ਦੀ ਮੁਕਾਈ ਕਈ ਵੇਰਾਂ ਵਾਟ
ਸਾਇਕਲ ਤੇ ਮੰਗੂਵਾਲ, ਮੈਹੰਗਰੋਵਾਲ, ਆਸ਼ਾ ਦੇਵੀ ਦੇ ਮੰਦਰ ਜਾਂਦੇ
ਰਾਹ ਚ ਬਾਂਬੇ ਪਿਕਨਿਕ ਸਪਾਟ ਦੇ ਸਮੋਸੇ ਵੀ ਖਾਂਦੇ
ਚਿੰਤਪੁਰਨੀ ਦਾ ਸਫਰ ਇੱਕ ਵਾਰ ਪੈਦਲ ਸੀ ਮੁਕਾਇਆ
ਪਿੰਡ ਤੋਂ ਚੌਹਾਲ ਡੈਮ ਕਈ ਵਾਰੀ ਸਾਇਕਲ ਤੇ ਗਾਹਿਆ


ਹਿਮਾਚਲ ਚ ਪਾਲਮਪੁਰ ਲਾਗੇ ਅੰਦਰੇਟਾ ਕਈ ਕੁਝ ਸਮੋਈ ਬੈਠਾ ਆ
ਨੌਰਾ ਰਿਚਰਡ, ਪੰਜਾਬੀ ਨਾਟਕ ਦੀ ਲੱਕਡ਼ਦਾਦੀ ਛੁਪਾਈ ਬੈਠਾ ਆ
ਸੋਭਾ ਸਿੰਘ ਹੋਰਾਂ ਦੀ ਆਰਟ ਗੈਲਰੀ ਚ  ਪੰਜਾਬੀ ਸੱਭਿਆਚਾਰ ਆ
ਕੋਲ ਹੀ ਸਰਦਾਰ ਜੀ ਦੀ ਪੈਟਰੀ ਵਰਕ ਦੀ ਵਰਕਸ਼ਾਪ ਤਿਆਰ ਆ

ਧਰਮਸ਼ਾਲਾ, ਨੱਢੀ, ਮਕਲੋਡਗੰਜ ਦਾ ਆਪਣਾ ਹੀ ਰੰਗ ਆ
ਦਲਾਈ ਲਾਮਾ ਦਾ ਘਰ, ਕਰਮਾਪਾ ਦਾ ਰਹੱਸਮਈ ਸੰਗ ਆ

ਸੁਪਨਾ ਤਾਂ ਸੀ ਤੂੰ ਤੇ ਮੈਂ
ਵਿਆਹ ਤੋਂ ਬਾਅਦ
ਇਕ ਛੋਟਾ ਜਿਹਾ ਘਰ ਬਣਾਵਾਂਗੇ
ਪਹਾੜਾਂ ਤੇ ਘੁੰਮਣ ਜਾਵਾਂਗੇ 
ਇੱਕ ਥਾਂ ਟੈਂਟ  ਅਸੀਂ ਲਾਵਾਂਗੇ 

ਫਿਰ ਸੰਸਾਰ ਚ ਗੁਆਚ ਗਏ 
ਕੰਮ ਧੰਦਿਆਂ ਚ ਰੁੱਝ ਗਏ 

ਇੱਕ ਦਿਨ ਅਸੀਂ ਕਸ਼ਮੀਰ ਦਾ ਕੀਤਾ ਖਿਆਲ
ਨਾਲ ਲੈ ਲਿਆ ਰੋਟੀ ਪਾਣੀ ਦਾ ਸਾਮਾਨ  
ਮੋਟਰਸਾਈਕਲ ਤੇ ਤੁਰ ਪਏ 
ਅਸੀਂ ਲੈ ਕੇ ਛੋਟਾ ਜਿਹਾ ਜਹਾਨ 
ਸਵਾਗਤ ਕੀਤਾ ਮੀਂਹ ਨੇ ਸਾਡਾ  
ਮੌਸਮ ਵੀ ਸੀ ਖ਼ਰਾਬ ਡਾਢਾ
ਵਰ੍ਹਦੇ ਮੀਂਹ ਚ ਹੱਥ ਫੜ੍ਹ ਕੇ ਖੜ੍ਹੇ ਰਹੇ 
ਬੱਦਲ ਤੇ ਅਸੀਂ ਦੋਵੇਂ ਜਿੱਦ ਤੇ ਅੜ੍ਹੇ ਰਹੇ
ਫਿਰ ਚਰਾਂਦਾਂ ਵੇਖੀਆਂ 
ਲਿਆ ਡੱਲ ਝੀਲ ਦਾ ਨਜ਼ਾਰਾ 
 
ਕੇਸਰ ਦੀ ਖੇਤੀ
ਲੱਕੜੀ ਦੇ ਬੈਟ ਬੱਲੇ 
ਰੇਸ਼ਮ ਦੇ ਧਾਗਿਆਂ ਨਾਲ 
ਹੋ ਗਈ ਬੱਲੇ  ਬੱਲੇ

ਲਾਲ- ਲਾਲ ਕਸ਼ਮੀਰੀ ਲੋਕਾਂ ਦੀਆਂ ਗੱਲਾਂ 
ਜਿਵੇਂ ਸੇਬ ਰੱਖ ਦਿੱਤਾ ਹੋਵੇ ਬਰਫ ਚ ਇਕੱਲਾ  
ਸਾਹਮਣੇ ਬਰਫ਼ ਦੇ ਪਹਾੜ ਹੇਠ ਦਰਿਆ ਸੀ ਵਗਦਾ  ਬਰਫ਼ ਵਾਲੇ ਗਲਾਸ ਬਾਹਰ ਜਿਵੇਂ ਪਾਣੀ ਹੋਵੇ 
ਜੰਮਦਾ
ਤੈਨੂੰ ਵੀ ਠੰਢ ਲੱਗੀ ਮੇਰੀ ਹਿੱਕ ਨਾਲ ਤੂੰ ਲੱਗ ਗਈ
ਪਤਾ ਨਹੀਂ ਲੱਗਾ ਫਿਰ ਠੰਢ ਕਿੱਥੇ ਵੱਗ ਗਈ  
ਅੱਜ ਵੀ ਤੇਰਾ ਚਿਹਰਾ ਬੱਦਲਾਂ ਚ ਦਿਖਾਈ ਦਿੰਦਾ ਹੈ 
ਕਸ਼ਮੀਰ ਦੀ ਵਾਦੀ ਚ ਤੇਰਾ ਹਾਸਾ ਸੁਣਾਈ ਦਿੰਦਾ ਹੈ  
ਝਰਨਿਆਂ ਦੇ ਪਾਣੀ ਨਾਲ ਮੈਗੀ ਤੇ ਖਾਣਾ ਅਸੀਂ ਬਣਾਇਆ
ਜਦ ਸ਼ਹਿਰ ਆਏ ਤਾਂ ਉਹ ਸਵਾਦ ਮੁਡ਼ਕੇ ਨਹੀਂ ਆਇਆ  

ਸ਼ਹਿਰ ਚ ਏਸੀ ਕੂਲਰ ਬਿਨਾਂ ਨੀਂਦ ਨਹੀਂ ਆਉਂਦੀ
ਉੱਥੇ ਟੈਂਟ ਵਿੱਚ ਸ਼ਹਿਰ ਦੀ ਯਾਦ ਵੀ ਨਹੀਂ ਸੀ ਆਉਂਦੀ  ਮੋਟਰਸਾਇਕਲ ਪੰਚਰ ਹੋ ਜਾਵੇ ਤਾਂ ਖੁਦ ਹੀ ਦੋਵਾਂ ਨੇ ਲਾਉਣਾ 
ਜਦ ਕਿਤੇ ਮੁਸੀਬਤ ਵਿੱਚ ਫਸ ਜਾਣਾ ,ਇੱਕ ਨੇ ਦੇਖਣਾ
ਫਿਰ ਦੋਹਾਂ ਨੇ ਮੁਸਕਾਉਣਾ

ਕਸ਼ਮੀਰ ਦੀ ਯਾਤਰਾ ਦਾ ਸੁਫਨਾ ਆਇਆ ਸੀ ਮੈਨੂੰ
ਦੋਵੇਂ ਹੱਸੇ ਰੱਜ ਜਦ ਸੁਣਾਇਆ ਸੀ ਤੈਨੂੰ

ਘੁੰਮਕਡ਼ ਤੇ ਸੈਲਾਨੀ ਹੋਣ ਚ ਬਹੁਤ ਵੱਡਾ ਫਰਕ ਆ
ਜਿੰਦਗੀ ਲਈ ਸਭ ਦਾ ਵੇਖੋ ਆਪਣਾ ਆਪਣਾ ਤਰਕ ਆ
ਕਿਤੇ ਵੀ ਜਾਣਾ ,ਟੈਂਟ ਲਾ ਕੇ ਰਹਿਣਾ
ਹਰ ਥਾਂ ਨੂੰ ਆਪਣੀ ਜਿੰਦ ਜਾਣ ਕਹਿਣਾ
ਸੈਲਾਨੀ ਪੱਕੀ ਸਡ਼ਕੇ ਜਾਂਦਾ ਤੇ ਹੋਟਲ ਚ ਰਹਿਕੇ ਵਾਪਸ ਹੈ ਆਉਂਦਾ
ਉੱਥੇ ਦੇ ਲੋਕਾਂ ਤੇ ਸਭਿਆਚਾਰ ਨੂੰ ਉਹ ਕਿੱਥੇ ਜਾਣ ਪਾਉਂਦਾ?

  
ਰੁਦਰਪੁਰ ਆਇਆ ਤਾਂ ਵੀ ਘੁੰਮਣ ਦਾ ਸਿਲਸਿਲਾ ਜਾਰੀ 
ਸਫ਼ਰ ਤੇ ਜਾਣ ਦੀ ਹਮੇਸ਼ਾ ਰਹਿੰਦੀ ਤਿਆਰੀ
ਰੁਦਰਪੁਰ ਤੋਂ ਚੱਲ ਕੇ ਹਲਦਵਾਨੀ  ਫਿਰ ਕਾਠਗੋਦਾਮ 
ਦੋਗਾਂਵ ਪਿੰਡ ਤੋਂ  ਛੱਲੀ ਖਾਣੀ, ਹਰੀ ਮਿਰਚ ਤੇ ਲਹੁਸਣ ਦੀ ਚਟਣੀ ਨਾਲ  
ਕੈਂਚੀ ਧਾਮ ਜਾ ਕੇ ਮੂੰਗੀ ਦੀ ਦਾਲ ਦੇ ਪਕੌੜੇ ਤੇ ਬੋਤਲ ਸੋਡੇ  ਵਾਲੀ  
ਮੰਦਰ ਅੰਦਰ ਜਾ ਕੇ ਰੂਹ ਨੂੰ ਚੈਨ ਜਿਹੀ ਆ ਜਾਣੀ 
ਰਾਮਗੜ੍ਹ ਤੋਂ ਮੁਕਤੇਸ਼ਵਰ 
ਝੋਲੀ ਕੀ ਝਾਲੀ ਤੋਂ ਡੁੱਬਦੇ ਸੂਰਜ ਦਾ ਤੱਕਣਾ ਨਜਾਰਾ ਘੌੜਾਖਾਲ ਦਾ ਸੈਨਿਕ ਸਕੂਲ , ਗੋਲੂ ਦੇਵਤਾ ਦਾ ਮੰਦਰ
ਵੇਖਣਾ ਅਸੀਂ ਸਾਰਾ
ਕੋਈ ਮੁਰਾਦ ਹੋਵੇ ਤਾਂ ਕਾਗਜ਼ ਤੇ ਲਿਖਕੇ ਗੋਲੂ ਦੇਵਤਾ ਦੇ ਮੰਦਰ ਟੰਗਦੇ 
ਨਿੱਕੀ ਜਿਹੀ ਉਂਗਲ ਤੋਂ ਲੈ ਕੇ ਇੱਕ ਫੁੱਟ ਚੌੜੀ ਘੰਟੀ ਲੋਕ ਉੱਥੇ ਚੜਾਉਂਦੇ 
ਇੱਕ ਲੱਖ ਦੇ ਲੱਗਭਗ ਘੰਟੀਆਂ ਨੇ ਉੱਥੇ
ਫੋਟੋਆਂ ਖਿਚਾ ਕੇ ਅਸੀਂ ਜ਼ਰਾ ਵੀ ਨਾ ਰੱਜੇ
ਅਲਮੋੜਾ ਦਾ ਲਾਲ ਬਜ਼ਾਰ 
ਤੇ ਡਾਕਖਾਨੇ ਦੇ ਬਾਹਰ ਬੋਗਨਵੀਲੀਆ ਫੁੱਲਾਂ ਦੀ ਬਹਾਰ  

ਕੋਸਾਨੀ ਦਾ ਗਾਂਧੀ ਆਸ਼ਰਮ
ਉਥੋਂ ਹਿਮਾਲੇ ਦਾ ਨਜ਼ਾਰਾ 
ਘਰ ਸੁਮਿਤਰਾਨੰਦਨ ਪੰਤ ਦਾ
ਕੁਦਰਤ ਦਾ ਸਭ ਪਸਾਰਾ  

ਨੈਨੀਤਾਲ, ਭੀਮਤਾਲ , ਸਭ ਮਿਲਕੇ ਨੌਂ ਤਾਲ ਨੇ
ਇਹਨਾਂ ਦੀ ਖੂਬਸੂਰਤੀ ਦੇ ਹਰ ਪਾਸੇ ਕੀਤੇ ਕਮਾਲ ਨੇ

ਰਿਸ਼ੀਕੇਸ਼ ਚ ਰਿਵਰ ਰਾਫਟਿੰਗ ਦਾ ਮਾਣਿਆ ਅਸੀਂ ਆਨੰਦ
18 ਕਿਲੋਮੀਟਰ ਦਾ ਢਾਈ ਘੰਟਿਆਂ ਚ ਮੁਕਾਇਆ ਪੰਧ

ਸਾਲ ਚ ਦੋ ਟੂਰ ਲਾਉਣ ਦਾ ਕਰੋ ਪਲਾਨ
ਇੱਕ ਪਰਿਵਾਰ ਤੇ ਇੱਕ ਦੋਸਤਾਂ ਦੇ ਨਾਲ

ਰੁਦਰਪੁਰ ਤੋਂ ਕਈ ਵਾਰੀ ਪੂਨੇ ਕੰਪਨੀ ਦੇ ਕੰਮ ਗਿਆ
ਰੇਲ ਵਿੱਚ ਹਰ ਬਾਰ ਨਵਾਂ ਹੀ ਅਨੁਭਵ ਰਿਹਾ
ਓਸ਼ੋ ਆਸ਼ਰਮ ਪੂਨੇ ਚ ਇੱਕ ਦਿਨ ਮੈਡੀਟੇਸ਼ਨ ਲਈ ਬਿਤਾਇਆ
ਕੀ ਦੱਸਾਂ ਆਪਣੇ ਅੰਦਰ ਮੈਂ ਅਦਭੁਤ ਸੰਸਾਰ ਪਾਇਆ਼

ਛੋਟੇ ਹੁੰਦਿਆਂ ਕੁੱਲੂ ਮਨਾਲੀ, ਭੁੰਤਰ , ਸ਼ਮਸ਼ੀ, ਮਣੀਕਰਣ ਬੇਬੇ ਬਾਪੂ ਨੇ ਘੁਮਾਇਆ
ਖੱਟੇ ਮਿੱਠੇ ਹਰੇ ਸੇਬਾਂ ਖਾਧੇ, ਰੋਹਤਾਂਗ ਪਾਸ  ਤੋਂ ਬਿਆਸ ਕੁੰਡ ਵੀ ਵਿਖਾਇਆ
ਕਿਵੇਂ ਮਣੀਕਰਨ ਚ ਪਾਣੀ ਚ ਚੌਲ ਉੱਬਲ ਜਾਂਦੇ
ਵੇਖੋ ਬਾਬੇ ਨਾਨਕ ਦੇ ਲੰਗਰ ਕਿੱਥੇ ਲੱਗਦੇ ਜਾਂਦੇ

ਰਾਜਸਥਾਨ ਚ ਜੈਪੁਰ ਦਾ ਤਿੱਖਾ ਜਿਹਾ ਰੰਗ
ਹਵਾ ਮਹਿਲ, ਜੰਤਰ ਮੰਤਰ, ਚਿਡਿਆਘਰ  
ਅਜਮੇਰ ਸ਼ਰੀਫ਼ ਦਾ ਵੱਖਰਾ ਜਿਹਾ ਢੰਗ

ਘੁੰਮ ਘੁੰਮ ਕੇ ਪੈਰਾਂ ਨੂੰ ਰਾਹਾਂ ਲੱਗ ਗਈਆਂ ਨੇ 
ਹੱਥਾਂ ਦੀਆਂ ਹਥੇਲੀਆਂ ਤੇ ਨਕਸ਼ਿਆਂ ਦੀਆਂ ਲਕੀਰਾਂ ਛਪ ਗਈਆਂ ਨੇ
ਰਾਹ ਚ ਟੋਇਆ ਹੋਏ ਤਾਂ ਸੜਕ ਇਸ਼ਾਰਾ ਕਰ ਦਿੰਦੀ ਏ 
ਜਦ ਸਪੀਡ ਚ ਹੋਈਏ ਹਰ ਗੱਡੀ ਸਾਈਡ ਦਿੰਦੀ ਏ  ਢਾਬੇ ਵਾਲਿਆਂ ਨਾਲ ਆੜੀ ਸੱਟੀ ਹੋ ਗਈ ਆ 
ਬੂਟਿਆਂ ਤੇ ਦਰਖਤਾਂ  ਨਾਲ ਯਾਰੀ ਪੱਕੀ ਹੋ ਗਈ ਆ  

ਇਨ੍ਹਾਂ ਘੁੰਮ ਕੇ ਸਿੱਟਾ ਕੱਢਿਆ 
ਜਿਊਣ ਲਈ ਥੋੜ੍ਹਾ ਜਿਹਾ ਸਾਮਾਨ ਚਾਹੀਦਾ 
ਪਰ ਬਹੁਤੇ ਲੋਕਾਂ ਨੂੰ ਪੂਰਾ ਜਹਾਨ ਚਾਹੀਦਾ 
ਸੰਸਾਰ ਘੁੰਮਣ ਆਏ ਹਾਂ ਤੇ ਘੁੰਮ ਕੇ ਚਲੇ ਜਾਣਾ ਹੈ 
ਪਰ ਘੁੰਮਿਏ ਰੂਹ ਨਾਲ ਇਹ ਅਸਲੀ ਖ਼ਜ਼ਾਨਾ ਹੈ

ਰਜਨੀਸ਼ ਜੱਸ
ਰੁਦਰਪੁਰ
ਉਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
1.07.2021

  



  

No comments:

Post a Comment