ਹਮ ਕਹਾਂ ਸ਼ਰੀਕ ਹੋਤੇ ਹੈ ਦੁਨੀਆ ਕੀ ਜੰਗ ਮੇਂ
ਵੋ ਅਪਣੇ ਰੰਗ ਮੇ ਹੈ, ਹਮ ਅਪਣੇ ਰੰਗ ਮੇ
# ਕਵੀ ਨਾਮਾਲੂਮ
ਮੇਰੇ ਝੋਲੇ ਵਿੱਚ ਹਰ ਵੇਲੇ ਕੁਝ ਨਾ ਕੁਝ ਹੁੰਦਾ ਹੈ ਖਾਣ ਨੂੰ। ਇਹ ਆਦਤ ਮੈਂ ਆਪਣੇ ਪਿੰਡ ਦੇ ਪਾਠੀ ਤੋਂ ਸਿੱਖੀ। ਸਾਡੇ ਪਿੰਡ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਆਏ ਸਨ, ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਹੈ,"ਗੁਰਦੁਆਰਾ ਜਹਾਰਾ ਜਹੂਰ"। ਉਹ ਪਿੰਡ ਤੋਂ ਦੋ ਕਿਲੋਮੀਟਰ ਬਾਹਰ ਖੇਤਾਂ ਚ ਹੈ।
ਇਹ ਗੱਲ ਉਸ ਸਮੇਂ ਦੀ ਹੈ ਜਦ ਅਸੀਂ ਨਿੱਕੇ ਹੁੰਦੇ ਸੀ। ਉਸ ਗੁਰਦੁਆਰੇ ਦੇ ਪਾਠੀ ਜਦੋਂ ਵੀ ਪਿੰਡ ਆਉਣਾ ਤਾਂ ਉਹਦੇ ਝੋਲੇ ਵਿੱਚ ਪਤਾਸੇ ਹੋਣੇ।
ਜੇ ਰਾਹ ਚ ਪਿੰਡ ਦੇ ਪਾਠੀ ਨੇ ਮਿਲ ਜਾਣਾ ਤਾਂ ਉਸ ਕੋਲ ਹੱਥ ਅੱਡ ਕੇ ਖਲੋ ਜਾਣਾ। ਉਸਨੇ ਆਪਣੇ ਝੋਲੇ ਚੋਂ ਪਤਾਸੇ ਕੱਢਣੇ ਤੇ ਸਾਨੂੰ ਦੇਣੇ, ਅਸੀਂ ਪਤਾਸੇ ਖਾ ਲੈਣੇ।
ਅਸੀਂ ਮੰਦਰ ਵੀ ਤਾਂ ਜਾਣਾ ਕਿ ਉਥੋਂ ਪ੍ਰਸ਼ਾਦ ਮਿਲਦਾ।
ਵੀਰਵਾਰ ਨੂੰ ਬਣੇ ਸ਼ਾਹ ਚਲੇ ਜਾਣਾ। ਉਹ ਪੀਰਾਂ ਦੀ ਜਗ੍ਹਾ ਸੀ, ਉੱਥੇ ਵੀ ਪੀਲੇ ਚੌਲਾਂ ਦੀ ਦੇਗ਼ ਦਾ ਪ੍ਰਸ਼ਾਦ ਮਿਲਦਾ ਸੀ।
ਬੱਚੇ ਨੂੰ ਕੀ ਹੁੰਦਾ ਹੈ, ਜਿੱਥੋਂ ਪਿਆਰ ਨਾਲ ਖਾਣ ਨੂੰ ਮਿਲਿਆ
ਉਹ ਉੱਥੇ ਚਲੇ ਜਾਂਦੇ ਨੇ।
ਹੁਣ ਵੱਡੇ ਹੋ ਗਏ ਹਾਂ ਸ਼ਹਿਰ ਆ ਗਏ ਹਾਂ। ਪਰ ਸ਼ਹਿਰ ਵਿੱਚ ਏਦਾਂ ਕੋਈ ਆਉਂਦਾ ਹੀ ਨਹੀਂ। ਜੇ ਆ ਵੀ ਜਾਵੇ ਤਾਂ ਬੱਚਿਆਂ ਨੂੰ ਸਖ਼ਤ ਹਿਦਾਇਤ ਹੁੰਦੀ ਕਿ ਕਿਸੇ ਕੋਲ ਕੁਝ ਖਾਣ ਨੂੰ ਨਹੀਂ ਲੈਣਾ ਕਿਉਕਿਂ ਉਹ ਨਸ਼ਾ ਖਿਲਾ ਕੇ ਬੱਚੇ ਚੁੱਕ ਕੇ ਲੈ ਜਾਂਦੇ ਨੇ। ਸ਼ਹਿਰਾਂ ਚ ਆ ਕੇ ਅਸੀਂ ਵੱਡੀਆਂ ਗੱਡੀਆਂ ਦਾ ਲੈ ਲਈਆਂ ਪਰ ਆਪਣੀ ਮਾਸੂਮੀਅਤ ਗਵਾ ਬੈਠੇ ਹਾਂ।
ਮੈਂ " ਅਹਾ ਜਿੰਦਗੀ" ਮੈਗਜੀਨ ਚ ਪੜਿਆ ਸੀ ਕਿ," ਪਿੰਡਾਂ ਵਿੱਚ ਜ਼ਿੰਦਗੀ ਮੁਸ਼ਕਿਲ ਤਾਂ ਹੈ ਪਰ ਸ਼ਹਿਰਾਂ ਵਿੱਚ ਉਲਝਨ ਭਰੀ ਹੈ!"
ਸਾਰੀ ਉਮਰ ਬੰਦੇ ਦਾ ਮਨ, ਉਹ ਬੱਚਾ ਹੋਣਾ ਲੋਚਦਾ ਹੈ। ਹੁਣ ਆਪਣੇ ਪੰਜਾਬ ਵਾਲੇ ਘਰ ਤੋਂ 600 ਕਿਲੋਮੀਟਰ ਦੂਰ ਉੱਤਰਾਖੰਡ ਵਿੱਚ ਰਹਿੰਦਾ ਹਾਂ।
ਮੇਰੇ ਝੋਲੇ ਚ ਹਮੇਸ਼ਾ ਇੱਕ ਪਾਣੀ ਦੀ ਬੋਤਲ ਤੇ ਕੁਝ ਨਾ ਕੁਝ ਖਾਣ ਨੂੰ ਰਹਿੰਦਾ ਹੈ।
ਅਕਸਰ ਜਦੋਂ ਕਿਤੇ ਵੀ ਪਾਣੀ ਨਹੀਂ ਮਿਲਦਾ ਤਾਂ ਸਾਡੇ ਕੰਪਨੀ ਚ ਕੰਮ ਕਰਦੇ ਸ਼ਿਵ ਕੁਮਾਰ ਮੇਰੇ ਕੋਲ ਆਂਦੇ ਉਹ ਕਹਿੰਦੇ," ਜੇ ਕਿਤੇ ਵੀ ਪਾਣੀ ਨਹੀਂ ਮਿਲੇਗਾ ਮੈਨੂੰ ਪਤਾ ਹੈ ਰਜਨੀਸ਼ ਦੀ ਬੋਤਲ ਚ ਪਾਣੀ ਜਰੂਰ ਹੋਵੇਗਾ।"
ਮੈਂ ਜਦ ਫੈਕਟਰੀ ਨਿਕਲਦਾ ਹਾਂ ਤੇ ਆਪਣੀ ਪਾਣੀ ਚ ਬੋਤਲ ਚ ਪਾਣੀ ਜਰੂਰ ਭਰਦਾ ਹਾਂ। ਮੁੰਡੇ ਮਜ਼ਾਕੀਆ ਲਹਿਜੇ ਚ ਪੁੱਛਦੇ," ਜੀ ਤੁਸੀਂ ਫੈਕਟਰੀ ਤੋਂ ਪਾਣੀ ਲੈ ਕੇ ਜਾ ਰਹੇ ਹੋ, ਕੀ ਘਰ ਪਾਣੀ ਨਹੀਂ"
ਪਰ ਮੈਂ ਕਹਿੰਦਾ," ਨਹੀਂ ਅਜਿਹਾ ਨਹੀਂ ਹੈ। ਹੋ ਸਕਦਾ ਹੈ ਰਾਹ ਵਿੱਚ ਕੋਈ ਪਿਆਸਾ ਬੰਦਾ ਮਿਲ ਜਾਏ ਤਾਂ ਪਾਣੀ ਭਰਕੇ ਚੱਲਦਾ ਹਾਂ। ਬੈਗ ਵਿੱਚ ਇਸ ਲਈ ਕੁਝ ਨਾ ਕੁਝ ਖਾਣ ਨੂੰ ਰੱਖਦਾ ਹਾਂ ਕਿ ਸ਼ਾਇਦ ਕੋਈ ਭੁੱਖਾ ਮਿਲ ਜਾਏ।"
ਜਦੋਂ ਬੈਗ ਚੁੱਕਦਾ ਹਾਂ ਤਾਂ ਮੈਨੂੰ ਪਿੰਡ ਦਾ ਉਹ ਪਾਠੀ ਯਾਦ ਆ ਜਾਂਦਾ ਹੈ। ਉਹਦਾ ਚਿਹਰਾ ਤਾਂ ਯਾਦ ਨਹੀਂ ਪਰ ਉਹਦੀ ਦਿੱਤੀ ਹੋਈ ਇਹ ਦਾਤ ਜਰੂਰ ਯਾਦ ਹੈ।
ਕੁਝ ਦਿਨ ਪਹਿਲਾਂ ਮੈਂ ਜਿਮ ਕੋਰਬੇਟ,ਰਾਮ ਨਗਰ ਤੋਂ ਕਾਰ ਚ ਵਾਪਸ ਆ ਰਿਹਾ ਸੀ। ਘਰਵਾਲੀ ਨਾਲ ਸੀ ਤੇ ਬੇਟਾ ਪਿਛਲੀ ਸੀਟ ਤੇ ਸੁੱਤਾ ਸੀ। ਇੱਕ ਬੰਦੇ ਤੋਂ ਮੈਂ ਰਾਹ ਪੁੱਛਿਆ ।
ਉਹ ਕਹਿੰਦਾ," ਮੈਂ ਵੀ ਇੱਧਰ ਜਾਣਾ ਹੈ। ਤੁਸੀਂ ਕਾਰ ਚ ਲਿਫਟ ਦੇ ਦਿਓਗੇ?"
ਮੈਂ ਕਿਹਾ," ਜੀ ਬੈਠ ਜਾਓ "
ਉਹ ਪਿਛਲੀ ਸੀਟ ਤੇ ਬੈਠ ਗਿਆ। ਜਦੋਂ ਬੈਠੇ ਆ ਤੇ ਉਸਨੇ ਪਹਿਲੀ ਗੱਲ ਇਹ ਕੀਤੀ," ਭਾਈ ਸਾਹਿਬ ਇਸ ਤਰ੍ਹਾਂ ਕਿਸੇ ਅਣਜਾਣ ਆਦਮੀ ਨੂੰ ਕਾਰ ਚ ਨਹੀਂ ਬਿਠਾਉਣਾ ਚਾਹੀਦਾ।"
ਮੈਂ ਕਿਹਾ," ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਜੇ ਬੰਦਾ, ਬੰਦੇ ਤੇ ਭਰੋਸਾ ਨਾ ਕਰੇ ਤੇ ਕੀ ਕਰੇ? ਫਿਰ ਸੰਸਾਰ ਕਿਵੇਂ ਚੱਲੇਗਾ?"
ਮੈਨੂੰ ਤੁਹਾਡਾ ਔਰਾ ਠੀਕ ਲੱਗਿਆ ਤਾਂ ਮੈਂ ਤੁਹਾਨੂੰ ਬਿਠਾ ਲਿਆ।
ਮੈਂ ਉਹਨੂੰ ਬੁੱਧ ਦੇ ਭਿਕਸ਼ੂ ਦੀ ਕਥਾ ਸੁਣਾਈ।
ਇੱਕ ਬਾਰ ਬੁੱਧ ਦੇ ਭਿਕਸ਼ੂ ਨੇ ਦੇਖਿਆ ਇਕ ਮਧੂ ਮੱਖੀ ਕਿਤੇ ਪਾਣੀ ਡਿੱਗ ਪਈ ਹੈ। ਉਹਨੇ ਉਹਨੂੰ ਹੱਥ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮਧੂ ਮੱਖੀ ਨੇ ਡੰਗ ਮਾਰ ਦਿੱਤਾ। ਮਧੂ ਮੱਖੀ ਉਹਦੇ ਹੱਥੋਂ ਛੁੱਟ ਗਈ ਤੇ ਫਿਰ ਪਾਣੀ ਚ ਡਿੱਗ ਗਈ। ਉਸਨੇ ਫਿਰ ਉਹਨੂੰ ਚੱਕਿਆ ਤਾਂ ਉਸਨੇ ਫਿਰ ਦੁਬਾਰਾ ਡੰਗ ਮਾਰ ਦਿੱਤਾ।
ਕੋਲ ਖੜਾ ਦੂਜਾ ਭਿਕਸ਼ੂ ਕਹਿਣ ਲੱਗਾ," ਤੂੰ ਇਹ ਕੀ ਕਰ ਰਿਹਾ ਹੈੰ?"
ਤਾਂ ਪਹਿਲੇ ਭਿਕਸ਼ੂ ਨੇ ਜਵਾਬ ਦਿੱਤਾ," ਮਧੂ ਮੱਖੀ ਆਪਣਾ ਕਰਮ ਕਰ ਰਹੀ ਹੈ ਡੰਗ ਮਾਰਨ ਦਾ ਤੇ ਮੈਂ ਆਪਣਾ ਕਰਮ ਕਰ ਰਿਹਾ ਹਾਂ ਬਚਾਉਣ ਦਾ।"
ਸੋ ਜੋ ਤੁਹਾਡੇ ਕੋਲ ਹੈ ਉਹ ਵੰਡੋ, ਮੁਸਕਾਨ ਵੰਡੋ, ਹਾਸੇ ਵੰਡੋ ਕਿਸੇ ਦਾ ਸਿਰ ਦਰਦ ਹੋ ਰਿਹਾ ਹੈ ਉਹਦਾ ਸਿਰ ਘੁੱਟ ਦਿਓ।
ਇਹ ਵੀ ਹੋ ਸਕਦਾ ਕਈ ਵਾਰ ਕੋਈ ਤੁਹਾਨੂੰ ਧੋਖਾ ਵੀ ਦੇ ਜਾਵੇ, ਪਰ ਵੰਡਦੇ ਰਹੋ। ਯਾਦ ਰੱਖਣਾ, ਕੁਦਰਤ ਨੂੰ ਜੋ ਵੰਡ ਦਿਓਗੇ, ਉਹ ਉਸਨੂੰ ਕਈ ਗੁਣਾ ਕਰਕੇ ਵਾਪਸ ਕਰਦੀ ਹੈ।
ਅਜਿਹਾ ਨਹੀਂ ਹੈ ਕਿ ਮੈਂ ਕਦੇ ਧੋਖਾ ਨਹੀਂ ਖਾਧਾ, ਬਹੁਤ ਵਾਰ ਧੋਖੇ ਖਾਏ, ਪਰ ਖੁਸ਼ੀਆਂ ਵੰਡਣ ਦੀ ਆਦਤ ਮਾਲਕ ਨੇ ਦਿੱਤੀ ਹੋਈ ਹੈ।
ਕਬੀਰ ਦੀ ਗੱਲ ਹਮੇਸ਼ਾ ਯਾਦ ਰੱਖੋ
ਕਬੀਰ ਕਹਿੰਦੇ," ਕੋਈ ਮੇਰੇ ਨਾਲ ਭਾਵੇਂ ਬੁਰਾ ਕਰ ਜਾਏ, ਧੋਖਾ ਦੇ ਜਾਏ ਪਰ ਦੇ ਮੈਂ ਕਿਸੇ ਨਾਲ ਬੁਰਾ ਨਾ ਕਰਾਂ, ਨਾ ਕਦੇ ਧੋਖਾ ਦੇਵਾਂ।"
ਫਿਰ ਮਿਲਾਂਗਾ, ਇੱਕ ਹੋਰ ਕਿੱਸਾ ਲੈ ਕੇ।
ਆਪਦਾ ਆਪਣਾ,
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਮੂਲ ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ, ਪੰਜਾਬ
No comments:
Post a Comment