ਇੱਕ ਸ਼ਾਮ ਦਾ ਸੁਫਨਾ/ ਰਜਨੀਸ਼ ਜੱਸ
ਸੁਸਤ ਜਿਹੇ ਹੋਕੇ
ਬੈਠਣ ਨੂੰ ਜੀ ਕਰਦਾ ਏ!
ਜਿੱਥੇ ਨਾ ਕਿਤੇ ਜਾਣ ਦੀ
ਜਲਦੀ ਨਾ ਹੋਵੇ
ਨਾ ਹੀ ਕੁਝ ਕਰਨ ਦੀ,
ਕਾਹਲ ਹੋਵੇ!
ਬਸ ਉਸ ਪਲ ਚ
ਰੁਕ ਜਾਏ ਮਨ,
ਪੂਰੇ ਦਾ ਪੂਰਾ!
ਅੱਗ ਬਲ ਰਹੀ ਹੋਵੇ!
ਪੱਥਰਾਂ ਦਾ ਚੁਲ੍ਹਾ ਬਣਾਕੇ
ਗੁਡ਼ ਦਾ ਚਾਹ
ਬਣਾ ਰਹੀਏ ਹੋਈਏ!
ਮੀਂਹ ਚ ਭਿੱਜੀ ਲੱਕੜ ਨੂੰ
ਰਾਤ ਦੇ ਖਾਣਾ ਬਣਾਉਣ
ਲਈ ਅੱਗ ਕੋਲ
ਸੁਖਾ ਰਹੀਏ ਹੋਈਏ!
ਤੇਰੀਆਂ ਜ਼ੁਲਫ਼ਾਂ ਚੋ ਕਦੇ ਕੋਈ ਬੂੰਦ
ਮੇਰੇ ਹੱਥ ਤੇ ਡਿੱਗੇ ਤੇ ਮੇਰੇ ਅੰਦਰ
ਝੁਣਝੁਣੀ ਜਿਹੀ ਉੱਠੇ!
ਰਾਹ ਤੇ ਨਾ ਕਿਤੇ ਜਾਣ ਦੀ
ਤਾਂਘ ਨਾ ਹੋਵੇ,
ਨਾ ਕਿਸੇ ਦੇ ਆਉਣ ਦੀ ਉਡੀਕ ਹੋਵੇ!
ਸ਼ਾਮ ਢਲ ਗਈ ਹੋਵੇ
ਮੀਂਹ ਹਟ ਗਿਆ ਹੋਵੇ!
ਚੰਨ ਚਡ਼ ਰਿਹਾ ਹੋਵੇ
ਤਾਰੇ ਅਸਮਾਨ ਦੀ ਚੁੰਨੀ ਚ
ਚਮਕਣ ਲੱਗ ਪਏ ਹੋਣ!
ਮੈਂ ਤੇਰੀਆਂ ਅੱਖਾਂ ਚ
ਇਕ ਨਵੀਂ ਸੇਵਰ ਉੱਗਦੀ ਵੇਖ ਰਿਹਾ ਹੋਵਾਂ!
ਜਿਥੇ ਪੂਰੀ ਦੁਨੀਆਂ ਚ
ਅਮਨ ਤੇ ਸ਼ਾਂਤੀ ਹੋਵੇ!
ਪੂਰੀ ਦੁਨੀਆ ਦੇ ਹਥਿਆਰ
ਲੋਹਾਰ ਭੱਠੀ ਚ ਪਿਘਲਾ ਕੇ
ਬੱਚਿਆਂ ਦੇ ਖਿਲੌਣੇ ਬਣਾ ਰਿਹਾ ਹੋਵੇ!
ਕੋਈ ਵੀ ਢਿਡ੍ਹ ਭੁੱਖਾ ਨਾ ਹੋਵੇ!
ਕੋਈ ਕਿਸੇ ਦਾ ਹੱਕ ਨਾ ਖੋਹੇ!
ਕੋਈ ਔਰਤ ਕਿਸੇ ਕੋਠੇ ਤੇ ਨਾ ਬੈਠੀ ਹੋਵੇ!
ਕਿਸੇ ਕਲਾਕਾਰ ਬੱਚੇ ਨੂੰ
ਉਸਦੇ ਮਾਂ ਬਾਪ ਕੁੱਟ ਕੇ
ਡਾਕਟਰ ਜਾਂ ਇੰਜੀਨਿਅਰ ਨਾ ਬਣਾ ਰਹੇ ਹੋਣ
ਤਾਂ ਜੋ ਇੱਕ ਹੋਰ ਹਿਟਲਰ ਨਾ ਬਣ ਸਕੇ!
ਕਲਾਕਾਰ ਆਪਣੀ ਕਲਾ ਦਾ
ਪ੍ਰਦਰਸ਼ਨ ਕਰ ਰਹੇ ਹੋਵਣ!
ਲੇਖਕ ਕਹਾਣੀ ਲਿਖ ਰਿਹਾ ਹੋਵੇ!
ਸਭ ਉਸ ਕੁਦਰਤ ਦਾ ਸ਼ੁਕਰ ਮਨਾ ਰਹੇ ਹੋਣ
ਲੱਖਾਂ ਕਰੋੜਾ ਹੱਥ!
ਅਸਮਾਨ ਚ ਉੱਪਰ ਉੱਠ ਗਏ ਹੋਵਣ!
ਕੋਈ ਚਿਹਰਾ ਨਜ਼ਰ ਆ ਰਿਹਾ ਹੋਵੇ
ਸਭ ਉਸਦੇ ਸਿਜਦੇ ਚ ਹੋਣ!
No comments:
Post a Comment