ਮਨੁੱਖ ਦਾ ਜੀਵਨ ਰੇਲ ਦੀਆਂ ਦੋ ਪਟੜੀਆਂ ਵਾਂਙ ਹੈ ਜਿਵੇਂ ਰੇਲ ਦੀਆਂ ਦੋ ਪਟੜੀਆਂ ਹੁੰਦੀਆ ਨੇ ਉਂਝ ਹੀ ਮਨੁੱਖ ਦੇ ਜੀਵਨ ਚ ਦੋ ਪਟੜੀਆਂ ਨੇ, ਇਕ ਹੈ ਸਾਹ ਤੇ ਦੂਜੀ ਆਤਮਾ।
ਹੁਣ ਸਾਹ ਵਾਲੀ ਪਟੜੀ ਦਾ ਇਕ ਪਲ ਦਾ ਵੀ ਭਰੋਸਾ ਨਹੀਂ, ਉਹ ਘਾਹ ਦੇ ਪੱਤੇ ਤੇ ਤ੍ਰੇਲ ਵਾਂਗ ਹੈ ਜੋ ਹੁਣੇ ਹੈ ਪਰ ਸੂਰਜ ਦੇ ਨਿਕਲਣ ਉਹ ਬੂੰਦ ਉਡ਼ ਜਾਂਦੀ ਹੈ। ਦੂਜੀ ਪਟੜੀ ਇੱਕ ਊਰਜਾ ਜੋ ਰੂਪ ਬਦਲਦੀ ਰਹਿੰਦੀ ਹੈ, ਕਦੇ ਉਹ ਆਦਮੀ, ਕਦੇ ਦਰਖਤ, ਕਦੇ ਕੋਈ ਜੀਵ।
ਰੇਲ ਇਸ ਤੇ ਚੱਲਣ ਵਾਲ਼ੀ ਰੇਲ ਹੈ ਜਿਸ ਦੇ ਡੱਬਿਆਂ ਚ ਬੈਠੀਆਂ ਸਵਾਰੀਆਂ ਸਾਡੀਆਂ ਅਨੰਤ ਇੱਛਾਵਾਂ ਹਨ।
ਜੀਵਨ ਦੀ ਰੇਲ ਜੋ ਚੱਲ ਰਹੀ ਹੈ ਉਸਤੇ ਸਾਹ ਵਾਲੀ ਦਾ ਕੋਈ ਵਸਾਹ ਨਹੀਂ ਪਾਰ ਅਸੀਂ ਅਨੰਤ ਇਛਾਵਾਂ ਦੇ ਮੋਹ ਚ ਬੱਝੇ ਇੰਦਰੀਆਂ ਦੇ ਸੁਖ ਪਿੱਛੇ ਭੱਜਦੇ ਰਹਿੰਦੇ ਹਾਂ।
ਇਸੇ ਗੱਲ ਤੇ ਇੱਕ ਕਿੱਸਾ ਯਾਦ ਆ ਗਿਆ।
ਸਾਡੇ ਪਿੰਡ ਪੁਰਹੀਰਾਂ ਘਰ ਮੂਹਰੇ ਇਕ ਹਵੇਲੀ ਹੈ ਉੱਥੇ ਇਕ ਬਜ਼ੁਰਗ ਰਹਿੰਦੇ ਸੀ। ਉਹ ਗਰਮੀਆਂ ਨੂੰ ਸ਼ਹਿਤੂਤ ਦੀ ਛਾਵੇਂ ਸੌਂਦੇ ਤੇ ਸਰਦੀਆਂ ਨੂੰ ਵਰਾਂਡੇ ਚ। ਮੈਂ ਕਦੇ ਵੀ ਉਹਨਾਂ ਨੂੰ ਬੰਦ ਕਮਰੇ ਚ ਸੁੱਤਿਆਂ ਨਾ ਵੇਖਿਆ।
ਪਹਿਲਾਂ ਪਹਿਲ ਤਾਂ ਓਹਨਾ ਦੀ ਹਵੇਲੀ ਦੀ ਚਾਰਦੀਵਾਰੀ ਵੀ ਨਹੀਂ ਸੀ ਪਰ ਸਮਾਂ ਬੀਤਿਆ ਸਾਡੇ ਪਿੰਡ ਦਾ ਸ਼ਹਿਰੀਕਰਨ ਹੋਇਆ ਤਾਂ ਓਹਨਾ ਦੀਵਾਰ ਬਣਾ ਲਈ ।
ਮੈਂ ਜਦ ਵੀ ਘਰੋਂ ਨਿਕਲਣਾ ਉਹ ਸਾਡੇ ਘਰ ਲਾਗੇ ਫੌਜੀ ਦੀ ਦੁਕਾਨ ਮੂਹੇਰੇ ਬੈਠੇ ਹੁੰਦੇ ਤਾਂ ਓਹਨਾ ਦੇ ਪੈਰੀਂ ਹੱਥ ਲਾਉਣਾ ਓਹਨਾ ਮੇਰੇ ਮੂਹਰੇ ਹੇਠ ਜੋੜ ਲੈਣੇ ਤੇ ਹਲਕਾ ਜਿਹਾ ਮੁਸਕੁਰਾ ਦੇਣਾ।
ਉਹਨਾਂ ਦੇ ਚੇਹਰੇ ਤੇ ਝੁਰੜੀਆਂ ਸਨ ਪਾਰ ਉਹ ਬਹੁਤ ਖੂਬਸੂਰਤ ਸਨ ਲੱਗਦਾ ਸੀ ਓਹਨਾ ਜ਼ਿੰਦਗੀ ਨੂੰ ਭਰਪੂਰ ਜੀਵਿਆ ਹੈ।
ਉਹਨਾਂ ਦੇ ਤਿੰਨ ਮੁੰਡੇ ਸਨ। ਇਕ ਮੁੰਡੇ ਦੀ ਮੌਤ ਹੋ ਗਈ ਉਸੇ ਰਾਤ ਮੈਂ ਓਹਨਾ ਦੇ ਵਿਹੜੇ ਚ ਦਰੀ ਤੇ ਉਹਨਾਂਲਾਗੇ ਬੈਠਾ ਸੀ।
ਉਹਨਾਂ ਇਕ ਕਹਾਣੀ ਸੁਣਾਈ ਜੋ ਅੱਜ ਯਾਦ ਆ ਗਈ।
ਇਕ ਮੁਸਾਫ਼ਿਰ ਸੀ। ਸਫਰ ਕਰਦਿਆਂ ਉਸਨੂੰ ਰਾਤ ਹੋ ਗਈ ਹਨੇਰਾ ਹੋ ਗਿਆ। ਸਰਦੀਆਂ ਦੇ ਦਿਨ ਸਨ। ਉਹ ਇਕ ਲੱਕੜ ਦੇ ਵਪਾਰੀ ਕੋਲ ਗਿਆ। ਉਸਨੇ ਕਿਹਾ ਰਾਤ ਖਾਣਾ ਖਾਣਾ ਹੈ ਤੇ ਰਾਤ ਕੱਟਣੀ ਹੈ,ਕੁਝ ਮਦਦ ਚਾਹੀਦੀ ਹੈ।
ਵਪਾਰੀ ਨੇ ਉਸਨੂੰ ਖਾਣਾ ਖਵਾਇਆ ਤੇ ਇਕ ਕੰਬਲ ਦਿੱਤਾ। ਵਪਾਰੀ ਨੇ ਕਿਹਾ," ਅੱਜ ਰਾਤ ਮੇਰੇ ਇਸ ਲੱਕੜ ਦੀ ਦੁਕਾਨ ਨੂੰ ਅੱਗ ਲੱਗ ਜਾਵੇਗੀ ਤੂੰ ਅੱਗ ਸੇਕ ਲਵੀਂ।"
ਮੁਸਾਫ਼ਿਰ ਨੇ ਸੋਚਿਆ , ਇਹ ਪਾਗਲ ਲੱਗਦਾ।
ਪਾਰ ਰਾਤ ਬਾਰਾਂ ਵਜੇ ਜਦ ਲੱਗ ਗਈ ਉਹ ਹੈਰਾਨ ਹੋ ਗਿਆ । ਜਦ ਨੂੰ ਉਹ ਵਪਾਰੀ ਵੀ ਆ ਗਿਆ
ਮੁਸਾਫ਼ਿਰ ਬਹੁਤ ਹੈਰਾਨ ਤੇ ਪ੍ਰੇਸ਼ਾਨ ਸੀ।ਉਸਨੇ ਵਪਾਰੀ ਨੂੰ ਪੁੱਛਿਆ ਜੇ ਤੁਹਾਨੂੰ ਪਤਾ ਸੀ ਅੱਗ ਲੱਗਣੀ ਹੈ ਤਾਂ ਤੁਸੀਂ ਬਚਾਈ ਕਿਉਂ ਨਹੀਂ ?
ਵਪਾਰੀ ਨੇ ਕਿਹਾ," ਤੂੰ ਮੁਸਾਫ਼ਿਰ ਹੈ ਆਪਣੇ ਸਫ਼ਰ ਤੇ ਜਾਣਾ ਚਾਹੀਦਾ ਹੈ ਛੱਡ ਇਸ ਗੱਲ ਨੂੰ ।"
ਪਰ ਉਹ ਮੁਸਾਫ਼ਿਰ ਜ਼ਿੱਦ ਪੈ ਗਿਆ।
ਫਿਰ ਉਸ ਵਪਾਰੀ ਨੇ ਕਿਹਾ," ਮੇਰੇ ਕੋਲ ਇਸ ਗੱਲ ਦਾ ਜਵਾਬ ਨਹੀਂ । ਮੇਰੇ ਇਕ ਗੁਰੂ ਨੇ ਉਹ ਬਹੁਤ ਵੱਡੇ ਵਪਾਰੀ ਨੇ ਮੈਂ ਓਹਨਾ ਦਾ ਪਤਾ ਦੱਸ ਦਿੰਦਾ ਹਾਂ ਤੇ ਇਕ ਪੱਤਰ ਲਿਖ ਦਿੰਦਾ ਹਾਂ ਤੂੰ ਉਹਨਾਂ ਕੋਲੋਂ ਇਸਦਾ ਜਵਾਬ ਪੁਛੀਂ!"
ਮੁਸਾਫ਼ਿਰ ਸਵੇਰੇ ਓਧਰ ਤੁਰ ਪਿਆ।
ਜਦ ਉਹ ਉਸ ਵਪਾਰੀ ਕੋਲ ਪੁੱਜਾ ਤਾਂ ਉਹ ਸਮੁੰਦਰੀ ਜਹਾਜ਼ ਚ ਆਪਣਾ ਸਮਾਨ ਭਰਵਾਂ ਰਿਹਾ ਸੀ।
ਉਸ ਵਪਾਰੀ ਨੇ ਪੱਤਰ ਵੇਖਕੇ ਕਿਹਾ, "ਮੈਨੂੰ ਕੁਝ ਸਮਾਂ ਦਿਓ ਇਹ ਜਹਾਜ਼ ਚ ਸਮਾਨ ਭਰਾਉਣ ਲਈ। ਜਦ ਇਹ ਜਹਾਜ਼ ਕੁਝ ਦੂਰੀ ਤੇ ਜਾਵੇਗਾ ਤਾਂ ਡੁੱਬ ਜਾਵੇਗਾ ਫਿਰ ਅਸੀਂ ਤਸੱਲੀ ਨਾਲ ਗੱਲ ਕਰਦੇ ਹਾਂ।"
ਮੁਸਾਫ਼ਿਰ ਨੇ ਸੋਚਿਆ ਇਹ ਉਸਤੋਂ ਵੀ ਵੱਡਾ ਪਾਗਲ ਹੈ।
ਚਲੋ ਸਮਾਂ ਬੀਤਿਆ। ਜਿਦਾਂ ਹੀ ਜਹਾਜ਼ ਨੇ ਬੰਦਰਗਾਹ ਛੱਡੀ ਤੇ ਉਹ ਦੂਰ ਚਲਾ ਗਿਆ ਕੁਝ ਸਮੇ ਬਾਅਦ ਉਹ ਡੁੱਬਣ ਲੱਗਾ। ਵਾਪਰੀ ਦੇ ਚੇਹਰੇ ਤੇ ਕੋਈ ਸ਼ਿਕਨ ਨਹੀਂ ਉਹ ਸਹਿਜ ਨਜ਼ਰ ਆ ਰਿਹਾ ਸੀ।
ਵਪਾਰੀ ਨੇ ਕਿਹਾ ,"ਹੁਣ ਦੱਸੋ "
ਮੁਸਾਫ਼ਿਰ ਨੇ ਪੁੱਛਿਆ, ਜੇ ਤੁਹਾਨੂੰ ਪਤਾ ਸੀ ਇਹ ਜਹਾਜ਼ ਨੇ ਡੁੱਬ ਜਾਣਾ ਹੈ ਤਾਂ ਤੁਸੀਂ ਇਸਨੂੰ ਰੋਕ ਕਿਓਂ ਨਹੀਂ ਲਿਆ?"
ਵਪਾਰੀ ਬੋਲਿਆ, ਤੂੰ ਆਪਣੇ ਰਾਹੇ ਚੱਲ।
ਪਰ ਉਹ ਜਿੱਦ ਪੈ ਗਿਆ।
ਵਪਾਰੀ ਨੇ ਕਿਹਾ, ਇਸਦਾ ਜਵਾਬ ਉਸ ਕੋਲ ਨਹੀਂ।
ਮੇਰਾ ਵੀ ਇਕ ਗੁਰੂ ਹੈ। ਤੂੰ ਉਸ ਕੋਲ ਜਾ।"
ਉਸਨੇ ਪਤਾ ਦੱਸ ਦਿੱਤਾ ਤੇ ਮੁਸਾਫ਼ਿਰ ਓਧਰ ਚੱਲ ਪਿਆ।
ਉਹ ਉਸ ਬੰਦੇ ਕੋਲ ਪੁੱਜਾ ਤੇ ਵਪਾਰੀ ਬਾਰੇ ਦੱਸਿਆ
ਉਸਦੇ ਬੇਟੇ ਦਾ ਵਿਆਹ ਸੀ।
ਉਸਨੇ ਮੁਸਾਫ਼ਿਰ ਦੀ ਚੰਗੀ ਆਓ ਭਗਤ ਕੀਤੀ।
ਉਸਨੇ ਆਪਣਾ ਸਾਰਾ ਘਰ ਘੁਮਾਇਆ ।
ਇਕ ਕਮਰਾ ਬੰਦ ਸੀ ਮੁਸਾਫ਼ਿਰ ਨੇ ਪੁੱਛਿਆ
"ਇਸ ਵਿਚ ਕੀ ਹੈ?"
ਉਸ ਬੰਦੇ ਨੇ ਕਿਹਾ," ਆਪਾਂ ਕੋਈ ਹੋਰ ਗੱਲ ਕਰਦੇ ਹਾਂ!"
ਪਰ ਮੁਸਾਫ਼ਿਰ ਜ਼ਿੱਦ ਪੈ ਗਿਆ ।
ਉਸ ਬੰਦੇ ਨੇ ਕਮਰਾ ਖੋਲਿਆ, ਉਸ ਵਿਚ ਲਾਸ਼ ਰੱਖਣ ਸੀੜ੍ਹੀ ਸੀ।
ਮੁਸਾਫ਼ਿਰ ਹੈਰਾਨ।
ਉਸਨੇ ਪੁੱਛਿਆ , "ਇਹ ਕਿਸ ਲਈ?"
ਇਸ ਬੰਦੇ ਨੇ ਜਵਾਬ ਦਿੱਤਾ, ਉਸਦੇ ਜਿਸ ਮੁੰਡੇ ਦਾ ਅੱਜ ਵਿਆਹ ਹੈ ਉਸਦੀ ਅੱਜ ਰਾਤ ਦੋ ਵਜੇ ਮੌਤ ਹੋ ਜਾਵੇਗੀ।
ਉਸ ਲਈ ਇਹ ਸੀੜ੍ਹੀ ਬਣਾ ਕੇ ਰੱਖੀ ਹੈ।"
ਮੁਸਾਫ਼ਿਰ ਦੀ ਪ੍ਰੇਸ਼ਾਨੀ ਹੋਰ ਵੱਧ ਗਈ।
ਉਸਨੇ ਕਿਹਾ," ਜੇ ਤੁਹਾਨੂੰ ਪਤਾ ਹੈ ਇਹ ਮੁੰਡਾ ਮਰ ਜਾਵੇਗਾ ਤਾਂ ਤੁਸੀਂ ਉਸ ਕੁੜੀ ਨਾਲ ਵਿਆਹ ਨਾ ਕਰੋ ਤੇ ਇਸ ਮੁੰਡੇ ਨੂੰ ਬਚਾਉਣ ਦਾ ਉਪਾਅ ਕਰੋ।"
ਪਰ ਮੁਸਾਫ਼ਿਰ ਨੂੰ ਆਪਣੇ ਸਵਾਲ ਦਾ ਜਵਾਬ ਅਜੇ ਵੀ ਨਾ ਮਿਲਿਆ।
ਫਿਰ ਉਸ ਬੰਦੇ ਨੇ ਕਿਹਾ, ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਨੇ ਤੂੰ ਅਜੇ ਵੀ ਦੁਵਿਧਾ ਚ ਹੈਂ।
ਮੁਸਾਫ਼ਿਰ ਨੇ ਹਾਂ ਚ ਸਰ ਹਿਲਾਇਆ।
ਉਸ ਬੰਦੇ ਨੇ ਕਿਹਾ ਜੇ ਤੈਂਨੂੰ ਪਤਾ ਹੋਵੇ ਤੇਰੇ ਨਾਲ ਕੁ ਹੋਣਾ ਹੈ ਤਾਂ ਤੂੰ ਬਚ ਜਾਵੇਗਾ?
ਮੁਸਾਫ਼ਿਰ ਨੇ ਆਕੜ ਚ ਜਵਾਬ ਦਿੱਤਾ," ਹਾਂ ।"
ਤਾਂ ਉਸ ਬੰਦੇ ਨੇ ਕਿਹਾ , ਅੱਜ ਤੋਂ ਠੀਕ ਤਿਨੰ ਦਿਨ ਬਾਅਦ ਤੈਂਨੂੰ ਉਹ ਦਰਖ਼ਤ ਤੇ ਫਾਂਸੀ ਦੇ ਦਿੱਤੀ ਜਾਵੇਗੀ ਜੇ ਤੂੰ ਬਚ ਸਕਦਾ ਹੈ ਤਾਂ ਬਚ ਜਾ।"
ਮੁਸਾਫ਼ਿਰ ਘਬਰਾ ਗਿਆ। ਉਸਨੇ ਕਿਹਾ," ਮੈਂ ਇਹ ਨਹੀਂ ਹੋਣ ਦਿਆਂਗਾ। ਮੈਂ ਪਹਿਲਾਂ ਹੀ ਮਰ ਜਾਵਾਂਗਾ।"
ਉਹ ਤੇਜੀ ਨਾਲ ਭੱਜਾ ਤੇ ਲਾਗੇ ਦੇ ਸਮੁੰਦਰ ਚ ਛਾਲ ਮਾਰ ਦਿੱਤੀ।
ਉਥੇ ਲਾਗੇ ਹੀ ਰਾਜੇ ਦੀ ਰਾਣੀ ਨਹਾ ਰਹੀ ਸੀ।
ਉਥੇ ਸਿਪਾਹਿਆਂ ਨੇ ਉਸਨੂੰ ਫੜ ਲਿਆ ਕਿ ਇਹ ਰਾਣੀ ਨੂੰ ਵੇਖਣ ਆਇਆ ਹੈ।
ਠੀਕ ਤਿੰਨ ਦਿਨ ਬਾਅਦ ਉਸਨੂੰ ਉਹ ਦਰਖ਼ਤ ਤੇ ਫਾਂਸੀ ਦੀ ਸਜ਼ਾ ਹੋਈ
ਜਦ ਉਸਨੂੰ ਫਾਂਸੀ ਲਈ ਲੈ ਕੇ ਆਏ ਤਾਂ ਉਹ ਤਿੰਨੋ ਮਹਾਪੁਰਸ਼ ਉਥੇ ਆ ਗਏ
ਉਹਨਾ ਕਿਹਾ , ਬੱਸ ਇਹੀ ਫਰਕ ਹੈ ਸਾਡੇ ਤੇ ਤੇਰੇ ਵਿਚ। ਤੈਂਨੂੰ ਪਤਾ ਹੈ ਕੀ ਹੋਣਾ ਤੂੰ ਤਾਂ ਵੀ ਬਦਲ ਸਕਿਆ?
ਸਾਨੂੰ ਪਤਾ ਸੀ ਅਸੀਂ ਵੀ ਨਹੀਂ ਪਰ ਅਸੀਂ ਸਹਿਜਤਾ ਨਾਲ ਉਸਨੂੰ ਪੂਰਾ ਹੁੰਦੇ ਵੇਖਿਆ।
ਜੀਵਨ ਚ ਬਹੁਤ ਸਾਰੀਆਂ ਘਟਨਾਵਾਂ ਵਾਪਾਰਦੀਆਂ ਨੇ। ਜੇ ਉਹ ਖੁਸ਼ੀ ਵਾਲੀਆਂ ਹੋਣ ਤਾਂ ਇੱਕ ਮਨੁੱਖ ਇਹਨਾਂ ਦੇ ਹੋਣ ਤੇ ਖੁਸ਼ ਹੁੰਦਾ ਤੇ ਜੇ ਦੁਖੀ ਕਰਨ ਵਾਲੀਆਂ ਹੋਣ ਤਾਂ ਉਹ ਰੋਂਦਾ ਹੈ ਪਰ ਇਕ ਮੁਕਤ ਆਦਮੀ ਇਹਨਾਂ ਦੋਹਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ।
ਕਹਾਣੀ ਹੁੰਦੀ ਹੈ ਝੂਠ ਬੋਲਕੇ ਸੱਚ ਕਹਿਣ ਦੀ ਕਲਾ।
ਜਰੂਰੀ ਨਹੀਂ ਇਹ ਵਾਪਰਿਆ ਹੋਵੇ ਪਰ ਸਾਡੀ ਸਮਝ ਇਸ ਨਾਲ ਵਧੇ ਤੇ ਅਸੀਂ ਮੁਕਤੀ ਦੇ ਰਾਹ ਤੇ ਅੱਗੇ ਵਧ ਸਕਦੇ ਹਾਂ।
10.02.2022
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )