ਇਕੱਲਾਪਨ
ਉਮਰ ਦੇ ਇਸ ਦੌਰ ਤੇ
ਪੁੱਜ ਕੇ ਉਹ ਇਕੱਲਾ ਹੈ
71 ਦੀ ਲੜਾਈ ਚ ਜੱਦੀ
ਪਿੰਡ ਛੱਡਣਾ ਪਿਆ
ਨਵੀਂ ਜਗ੍ਹਾ ਆਕੇ ਜ਼ਿੰਦਗੀ ਮੁੜ ਤੋਂ
ਸ਼ੁਰੂ ਕੀਤੀ
ਬੇਬੇ ਤੇ ਬਾਪੂ ਵੀ ਇਕ ਦਿਨ
ਸਾਥ ਛੱਡ ਕੇ ਚਲੇ ਗਏ
ਫਿਰ ਵਿਆਹ ਹੋਇਆ
ਬੱਚੇ ਹੋਏ
ਫਿਰ ਉਹ ਵਿਆਹੇ ਗਏ
ਇਕ ਦਿਨ ਘਰਵਾਲੀ ਵੀ
ਉਸਦੀ ਪੰਜ ਤੱਤਾਂ ਚ ਵਿਲੀਨ ਹੋ ਗਈ
ਹੁਣ ਉਹ ਸਵੇਰੇ ਉੱਠਕੇ
ਘਰ ਦੀ ਬਗੀਚੀ ਚ
ਫੁੱਲਾਂ ਨੂੰ ਪਾਣੀ ਦਿੰਦਾ
ਤੇ ਉਹਨਾਂ ਨਾਲ ਗੱਲਾਂ ਕਰਦਾ
ਅੱਜ ਉਹ ਬਿਮਾਰ ਸੀ ਤੇ
ਆਪ ਹੀ ਆਪਣੀ ਦੇਖਭਾਲ
ਕਰ ਰਿਹਾ ਸੀ
ਉਹਨੂੰ ਯਾਦ ਆਇਆ
ਜਦ ਬਚਪਨ ਚ ਉਹਦੇ
ਕਦੇ ਕਿਸੇ ਚੀਜ਼ ਨਾਲ ਸੱਟ
ਵੱਜ ਜਾਣੀ ਤਾਂ
ਉਸਦੀ ਮਾਂ ਉਸ ਚੀਜ਼ ਨੂੰ
ਝਿੜਕਾਂ ਮਾਰਦੀ ਤੇ
ਆਪਣੇ ਪੁੱਤ ਦੀ ਸੱਟ ਤੇ ਫੂਕਾਂ ਮਾਰਕੇ
ਕਹਿੰਦੀ ਕੁਝ ਨਹੀਂ ਹੋਇਆ ਪੁੱਤ
ਕੀੜੀ ਦਾ ਆਟਾ ਡੁੱਲ ਗਿਆ
ਫਿਰ ਉਸਨੂੰ ਯਾਦ ਆਇਆ
ਜਦ ਕਦੇ ਉਹ ਬਿਮਾਰ ਹੁੰਦਾ
ਤਾਂ ਉਸਦੀ ਘਰਵਾਲੀ ਵੀ ਉਸਨੂੰ
ਬੱਚਿਆਂ ਵਾਂਙ ਪੂਰੀ ਪੂਰੀ ਰਾਤ
ਜਾਗਕੇ ਦੇਖਭਾਲ ਕਰਦੀ
ਅਚਨਚੇਤ ਉਸਨੂੰ ਯਾਦ ਆਇਆ
ਉਸਨੇ ਆਪਣੀ ਘਰਵਾਲੀ ਨੂੰ
ਕਦੇ ਬਿਮਾਰ ਨਹੀਂ ਸੀ ਵੇਖਿਆ
ਕੀ ਉਹ ਕਦੇ ਬਿਮਾਰ ਹੀ ਨਹੀਂ ਹੋਈ?
ਜਾਂ ਉਹ ਦੱਸਦੀ ਨਹੀਂ ਸੀ?
ਪਰ ਅੱਜ ਫੁੱਲਾਂ ਨਾਲ ਗੱਲਾਂ ਕਰਦਿਆਂ
ਉਸਨੂੰ ਆਪਣੀ ਮਾਂ ਦੀ ਆਵਾਜ਼ ਆਈ
ਉਸਨੇ ਅੱਖਾਂ ਮਲਕੇ ਵੇਖਿਆ
ਕਿਤੇ ਕੋਈ ਸੁਪਨਾ ਤਾਂ ਨਹੀਂ
ਮਾਂ ਬੋਲੀ ਪੁੱਤ ਤੂੰ ਉਦਾਸ ਕਿਉਂ ਹੈ?
ਮੈਂ ਕਿਤੇ ਗਈ ਥੋੜੀ ਹਾਂ
ਤੇਰੇ ਰੌਏਂ - ਰੌਏਂ ਚ ਹਾਂ
ਤੇਰੇ ਦਿਲ ਦੀ ਹਰ ਧਡ਼ਕਨ ਚ ਹਾਂ
ਫਿਰ ਉਸਦੀ ਘਰਵਾਲੀ
ਸੀਮਾ ਦੀ ਆਵਾਜ਼ ਆਈ
ਉਹ ਬੋਲੀ ਤੇਰੇ ਨਾਲ ਹੀ ਤਾਂ ਹਾਂ
ਹਰ ਵੇਲੇ
ਜਿਹਨਾਂ ਪੰਜ ਤੱਤਾਂ ਤੋਂ ਬਣੀ ਸੀ
ਉਹਨਾਂ ਚ ਦੁਬਾਰਾ ਮਿਲ ਗਈ
ਜਿਵੇਂ ਨਿਆਣੇ ਘਰ ਬਣਾਉਂਦੇ ਨੇ
ਰੇਤ ਨਾਲ ਸਮੁੰਦਰ ਦੇ ਕਿਨਾਰੇ
ਤੇ ਸਮੁੰਦਰ ਦੀ ਛੱਲ ਨਾਲ ਉਹ
ਘਰ ਢਿੱਠ ਕੇ ਫਿਰ ਰੇਤ ਬਣ ਜਾਂਦਾ ਹੈ
ਮੈਂ ਵੀ ਉਸ ਰੇਤ ਵਾਂਗ ਹੋ ਗਈ ਹਾਂ
ਜਿਸ ਫੁਲ ਨਾਲ ਤੂੰ ਗੱਲਾਂ ਕਰ ਰਿਹਾਂ ਹੈ
ਉਹ ਮੈਂ ਹੀ ਤਾਂ ਹਾਂ
ਪਹਿਲਾ ਸੀਮਾ ਸੀ
ਹੁਣ ਅਸੀਮ ਹੋ ਗਈ ਹਾਂ
ਤਦ ਇੱਕ ਅਥਰੂ ਉਸਦੀਆਂ ਅੱਖਾਂ ਚੋਂ
ਵੱਗਿਆ
ਉਸਨੇ ਉਹ ਹੇਠਾਂ ਨਹੀਂ ਡਿੱਗਣ ਦਿੱਤਾ
ਤੇ ਹਥੇਲੀ ਤੇ ਰੱਖ ਲਿਆ
ਉਸ ਵਿਚ ਉਸਦੀ ਮਾਂ ਤੇ ਘਰਵਾਲੀ ਦੋਵੇਂ
ਮੁਸਕੁਰਾ ਰਹੀਆਂ ਸਨ
ਹੁਣ ਉਹ ਵੀ ਮੁਸਕੁਰਾ ਪਿਆ ਤੇ
ਅੱਖਾਂ ਚੋ ਆਨੰਦ ਦਾ ਮੀਂਹ ਵਾਂਗ ਤੁਰਿਆ
#ਰਜਨੀਸ਼ ਜੱਸ
#ਕਵਿਤਾ
No comments:
Post a Comment