ਬਸੰਤ ਦੀ ਮੱਹਤਤਾ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ ਜਦ ਕਿਸੇ ਆਦਮੀ ਦੀ ਉਮਰ ਪੁੱਛਣੀ ਹੋਵੇ ਤਾਂ ਕਿਹਾ ਜਾਂਦਾ ਹੈ ਤੂੰ ਕਿੰਨੇ ਬਸੰਤ ਦੇਖੇ?
ਹਰ ਪਾਸੇ ਪੀਲੇ ਰੰਗ ਦੀ ਆਮਦ ਹੋ ਗਈ ਹੈ।
ਪੀਲਾ ਰੰਗ ਹੈ ਉਤਸਵ ਦਾ ਰੰਗ।
ਪੀਲੇ ਰੰਗ ਦੀ ਇਹ ਖਾਸੀਅਤ ਹੈ ਕਿ ਜੇ ਹਜ਼ਾਰ ਰੰਗ ਹੋਣ ਤਾਂ ਸਾਡੀ ਅੱਖ ਪੀਲਾ ਰੰਗ ਸਭ ਤੋਂ ਪਹਿਲਾਂ ਵੇਖ ਲੈਂਦੀ ਹੈ।
ਬਸੰਤ ਰੁੱਤ ਆ ਗਈ ਹੈ ਫੁਲ ਖਿਲ ਗਏ ਨੇ, ਖੇਤਾਂ ਚ ਸਰੋਂ ਖਿਲ ਗਈ ਹੈ, ਸਤਵਰਗ, ਗੁਲਾਬ ਦੇ ਫੁੱਲ ਹੀ ਫੁੱਲ ਨੇ ।
ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਤਵਰਗ ਦੇ ਫੁੱਲਾਂ ਦੇ ਕਾਲੇ ਕਾਲੇ ਡੀਖੇ ਜੋ ਉਸਦੇ ਬੀਜ ਹੁੰਦੇ ਦਿੰਦੇ ਤਾਂ ਸ਼ਿਵ ਦੁਆਲੇ ਮੰਦਰ ਦੀ ਖਾਲੀ ਥਾਂ ਚ ਉੱਗ ਆਉਂਦੇ। ਆਡ਼ ਬਣਾਕੇ ਨਲਕਾ ਗੇਡ਼ ਕੇ ਪਾਣੀ ਦਿੰਦੇ ਜਦ ਉਹ ਫੁਲ ਖਿਲਦੇ ਤਾਂ ਅਸੀਂ ਬਹੁਤ ਖੁਸ਼ ਹੁੰਦੇ।
ਫਿਰ ਅਸੀਂ ਵੀਰਵਾਰ ਨੂੰ ਬਣੇ ਸ਼ਾਹ ਜਾਂਦੇ। ਉੱਥੇ ਸਾਨੂੰ ਪੀਲੇ ਰੰਗ ਦੇ ਮਿੱਠੇ ਚੌਲਾਂ ਦਾ ਪ੍ਰਸਾਦ ਮਿਲਦਾ। ਬਣੇ ਸ਼ਾਹ ਸਾਡੇ ਜੱਦੀ ਪਿੰਡ ਪੁਰਹੀਰਾਂ ਤੋਂ ਬਾਹਰ ਖੇਤਾਂ ਚ ਪੀਰਾਂ ਦੀ ਥਾਂ ਹੈ। ਉਥੇ ਖੜਕਾਂਨੰਦ ਨਾਂ ਦਾ ਇੱਕ ਬਜੁਰਗ ਰਹਿੰਦਾ ਸੀ, ਉਸ ਦੇ ਮੂੰਹ ਦੇ ਚੇਚਕ ਦੇ ਦਾਣੇ ਸੀ ਜਿਵੇਂ ਓਮ ਪੁਰੀ ਹੋਰਾਂ ਦਾ ਚਿਹਰੇ ਤੇ ਸਨ। ਅਸੀਂ ਕਹਿਣਾ ਇਸਦੇ ਮੂੰਹ ਤੇ ਪੀਲੀਆਂ ਭਰਿੰਡਾਂ ਕੱਟ ਗਈਆਂ ਨੇ।
ਅਸੀਂ ਉਸ ਕੋਲੋਂ ਪੀਲਾ ਪ੍ਰਸਾਦ ਲੈਣਾ ਫਿਰ ਇਹ ਕਹੇ ਭੱਜਣਾ,
ਖੜਕਾਨੰਦ ਕੇ ਖੜਕਨੇ ਸੇ ਖੜਕਤੀ ਹੈਂ ਖਿੜਕੀਆਂ ਖਿਡ਼ਕੀਓਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ
ਇਹ ਸੁਣਕੇ ਉਸਨੇ ਸਾਡੇ ਪਿੱਛੇ ਭੱਜਣਾ।
ਇਸ ਦਿਨ ਸਾਡੇ ਪਿੰਡ ਦੇ ਲਹਿੰਦੇ ਪਾਸੇ ਗੁਰਦੁਆਰਾ ਜ਼ਹਾਰਾ ਹਜ਼ੂਰ ਚ ਮੇਲਾ ਲੱਗਦਾ ਹੈ। ਉੱਥੇ ਛੇਵੀਂ ਪਾਤਸ਼ਾਹੀ ਆਏ ਸਨ।
ਅਸੀਂ ਸਵੇਰੇ ਹੀ ਉਥੇ ਚਲੇ ਜਾਣਾ। ਵੱਡੀਆਂ - ਵੱਡੀਆਂ ਲੋਹਾਂ ਤੇ ਲੰਗਰ ਬਣਦਾ ਸੀ। ਮੈਂ ਆਪਣੇ ਮਿੱਤਰਾਂ ਨਾਲ ਸਾਰਾ ਦਿਨ ਲੰਗਰ ਬਣਾਉਣਾ। ਗੁਰਵਾਨੀ ਕੀਰਤਨ ਦਾ ਪ੍ਰੋਗਰਾਮ ਚਲਦਾ ਰਹਿੰਦਾ।
ਮੈਨੂੰ ਅੱਜ ਵੀ ਯਾਦ ਹੈ ਜਦ ਮੈਂ ਸੱਤਵੀਂ ਚ ਪੜ੍ਹਦਾ ਸੀ ਤਾਂ ਮੈਨੂੰ ਅੱਠ ਰੁਪਏ ਮਿਲੇ ਬਸੰਤ ਪੰਚਮੀ ਦੇ ਮੇਲੇ ਚ ਖ਼ਰਚਣ ਲਈ। ਇੱਕ ਤੂੰਬੀ ਵੇਖੀ ਜੋ ਦਸ ਰੁਪਏ ਦੀ ਸੀ।
ਮੈਂ ਪੂਰਾ ਮੇਲਾ ਵੇਖਿਆ ਤੇ ਸ਼ਾਮੀਂ ਆਉਣ ਵੇਲੇ ਉਹ ਤੂੰਬੀ ਸੇਵਾ ਸੱਤ ਰੁਪਏ ਦੀ ਖਰੀਦੀ ਸੀ।
ਬਾਹਰ ਚਾਹ ਪਕੌੜੇ, ਜਲੇਬੀਆਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ। ਬਾਹਰ ਖਿਲੋਣੇ ਦੀਆਂ ਦੁਕਾਨਾਂ ਹੁੰਦੀਆਂ।
ਸਾਡੇ ਪਿੰਡ ਪੁਰਹੀਰਾਂ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਆਪਣੇ ਸਹੁਰੇ ਗਈਆਂ ਨੂੰ ਉਮਰਾਂ ਬੀਤ ਗਈਆਂ ਹੁੰਦੀਆਂ, ਉਹ ਬਸੰਤ ਨੂੰ ਗੁਰਦਵਾਰੇ ਜ਼ਰੂਰ ਆਉਂਦੀਆਂ। ਉਹ ਖੂਬ ਹਾਸੇ ਠੱਠੇ ਕਰਦੀਆਂ।
ਗੋਭੀ ਆਲੂ ਦੀ ਸਬਜ਼ੀ ਦਾਲ ਦਾ ਲੰਗਰ ਸਭ ਨੂੰ ਖੁਆ ਕੇ ਮੈਂ ਬਾਅਦ ਚ ਲੰਗਰ ਖਾਣਾ।
ਇਸ ਦਿਨ ਪਤੰਗਾਂ ਉੱਡਦੀਆਂ।
ਮੈਂ Deven Mewari ਜੀ ਦੀ ਪੋਸਟ ਪਡ੍ਹ ਰਿਹਾ ਸੀ ਉਹ ਲਿਖਦੇ ਨੇ ਫੁਲ ਖਿੱਲਦੇ ਨੇ ।
ਮਧੂਮੱਖੀਆਂ ਫੁੱਲਾਂ ਦਾ ਵਿਆਹ ਕਰਵਾਉਂਦੀਆਂ ਨੇ।ਉਹ ਪਰਾਗ ਕਣ ਇਕ ਫੁਲ ਤੋਂ ਦੂਜੇ ਫੁਲ ਜਾਂਦੀਆਂ ਨੇ। ਉਹਨਾ ਤੋਂ ਬੀਜ ਬਣਦੇ ਨੇ। ਉਹ ਬੀਜ ਮਿੱਟੀ ਚ ਡਿੱਗਦੇ ਨੇ। ਉਹਨਾ ਤੋਂ ਹੋਰ ਫੁਲ ਖਿਲਦੇ ਨੇ।
ਸਭਨਾਂ ਨੂੰ ਬਸੰਤ ਦੀਆਂ ਵਧਾਈਆਂ।
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ
17.02.2021
#basant
#basant_panchmi
No comments:
Post a Comment