Tuesday, March 26, 2024

ਇੱਕ ,ਇਸ਼ਕ ਇਹ ਵੀ

ਇੱਕ ਇਸ਼ਕ ਇਹ ਵੀ

ਬਹੁਤ ਸਮਾਂ ਪਹਿਲਾਂ 
ਇੱਕ ਵਕਤ ਸੀ 
ਜਦ ਤੇਰੇ ਤੋਂ ਟਿਊਸ਼ਨ ਪਡ਼ਦੀ ਸਾਂ ਮੈਂ
ਤੂੰ ਹਮੇਸ਼ਾ ਗਰਦਨ ਝੁਕਾ ਕੇ
ਮੇਰੀ ਕਿਤਾਬ ਤੇ ਅੱਖਾਂ ਗੱਡੀ
ਮੈਨੂੰ ਪੜਾਉਂਦਾ ਰਹਿੰਦਾ ਸੀ
ਕਦੇ ਅੱਖ ਚੁੱਕ ਕੇ ਨਹੀਂ ਸੀ ਵੇਖਿਆ 
ਮੇਰੇ ਵੱਲ
ਤੇ ਮੇਰੀਆਂ ਅੱਖਾਂ, ਹਮੇਸ਼ਾ 
ਤੇਰੀਆਂ ਅੱਖਾਂ ਤੇ ਟਿਕੀਆਂ ਰਹਿੰਦੀਆਂ ਸਨ
 ਕਦੇ ਤਾਂ ਅੱਖਾਂ ਨਾਲ ਅੱਖਾਂ ਮਿਲ ਜਾਣ
ਪਰ ਉਹ ਕਦੀ ਮਿਲੀਆਂ ਹੀ ਨਹੀਂ
ਸ਼ਾਇਦ ਤੇਰੇ 'ਤੇ ਜਿੰਮੇਵਾਰੀਆਂ ਦਾ ਭਾਰ ਸੀ 
ਜੋ ਅੱਖਾਂ ਦੱਬ ਗਈਆਂ ਸਨ 
ਉਸ ਭਾਰ ਹੇਠ
ਘਰ ਇੱਕ ਜਵਾਨ ਭੈਣ ਸੀ
ਬਿਮਾਰ ਬਾਪੂ ਤੇ ਮਾਂ
ਜਿਹਨਾਂ ਦਾ ਖਰਚ ਤੂੰ ਹੀ ਚੁੱਕਦਾ

ਦਿਨੇ ਤੂੰ ਫੈਕਟਰੀ ਜਾਂਦਾ
ਸ਼ਾਮ ਨੂੰ ਮੈਨੂੰ ਟਿਊਸ਼ਨ ਪੜਾਉਂਦਾ
ਮੈਂ ਪਲਸ ਟੂ ਚ 
ਪਹਿਲੀ ਵਾਰ ਸਕਿਨ ਕਲਰ ਦੀ 
ਨੇਲ ਪੋਲਿਸ਼ ਲਗਾਈ
 ਤੇਰੇ ਕੋਲ ਬੈਠੀ ਰਹੀ 
ਪਰ ਤੈਨੂੰ ਨਜ਼ਰ ਨਾ ਆਈ
ਮੈਂ ਬਾਰ ਬਾਰ ਆਪਣੇ ਨੰਹੁ
ਕਿਸੀ ਬਹਾਨੇ ਤੈਨੂੰ ਦਿਖਾਉਂਦੀ ਰਹੀ
ਆਖਿਰ ਤੂੰ ਕਹਿ ਹੀ ਦਿੱਤਾ
"ਉਹ ਰੰਗ ਕਦੇ ਨਹੀਂ ਲਾਉਂਦੇ
 ਜੇ ਨਾਲ ਰੰਗ ਉਭਰ ਕੇ ਦਿਖਣ"

 ਉਹ ਦਿਨ ਗਿਆ ਤੇ ਆਹ ਦਿਨ 
ਮੈਂ ਕਦੀ ਸਕਿਨ ਕਲਰ ਦੀ 
ਨੇਲ ਪਾਲਿਸ਼ ਨਹੀਂ ਲਗਾਈ
ਮੈਂ ਹਮੇਸ਼ਾ ਲਾਲ ਰੰਗ ਦੀ 
ਨੇਲ ਪਾਲਿਸ਼ ਲਾਈ

ਤੂੰ ਅਕਸਰ ਬਾਪੂ ਜੀ ਦੇ ਕਹਿਣ ਤੇ 
ਦੋ ਗੀਤ ਸੁਣਾਉਂਦਾ ਹੁੰਦਾ ਸੀ
ਪਹਿਲਾ ਗੀਤ
"ਹੀਰ ਆਖਦੀ ਜੋਗੀਆਂ ਝੂਠ ਬੋਲੇ 
ਕੌਣ ਰੁਠੜੇ ਯਾਰ ਮਨਾਵਦਾ ਈ " ਤੇ 
ਦੂਜਾ ਗੀਤ ,"ਸੱਜਣਾ ਵੇ ਸੱਜਣਾ 
ਤੇਰੇ ਸ਼ਹਿਰ ਵਾਲੀ ਸਾਨੂੰ 
ਕਿੰਨੀ ਚੰਗੀ ਲੱਗਦੀ ਦੁਪਹਿਰ"


ਤੂੰ ਕਦੇ ਹਿੰਮਤ ਹੀ ਨਹੀਂ ਕੀਤੀ 
ਮੇਰਾ ਹੱਥ ਮੰਗਣ ਦੀ
ਆਪਣੀ ਸ਼ਰਾਫ਼ਤ ਚ ਰਿਹਾ 
ਕਿ ਤੂੰ ਆਪਣੇ ਘਰ ਦੀਆਂ ਜਿੰਮੇਵਾਰੀਆਂ
ਨਿਭਾ ਕੇ ਆਵਾਂਗਾ 
ਪਰ ਇਹ ਕੰਬਖ਼ਤ ਵਕਤ ਕਿੱਥੇ ਰੁਕਦਾ
ਮੈਨੂੰ ਤਾਂ ਪਸੰਦ ਕਰ ਲਿਆ ਸੀ
ਕਿਸੇ ਲਾਲ ਗੱਡੀ ਵਾਲੇ ਨੇ
ਤੇ ਵਿਆਹ ਕੇ ਲੈ ਗਿਆ 
ਸੱਤ ਸਮੁੰਦਰ ਪਾਰ

ਅੱਜ ਮੁੱਦਤਾਂ ਬਾਅਦ 
ਤੇਰੇ ਨਾਲ ਫੋਨ ਤੇ ਗੱਲ ਹੋਈ
ਤਾਂ ਪਤਾ ਲੱਗ
ਤੇਰੀ ਮਨ ਪਸੰਦ ਨੇਲ ਪੋਲਿਸ਼ ਹੀ
ਸਕਿਨ ਕਲਰ ਦੀ ਹੈ
ਮੇਰੀਆਂ ਵੀ ਦੋ ਧੀਆਂ ਨੇ 
ਪਤੀ ਵੀ ਬਹੁਤ ਪਿਆਰ ਕਰਦਾ ਹੈ
ਮੈਨੂੰ ਵੀ ਪਤਾ ਹੈ ਮੇਰੀਆਂ ਦੋਵੇਂ
ਧੀਆਂ ਮੇਰੀ ਉਮਰ ਚੋਂ ਨਿਕਲਣਗੀਆਂ
 ਜਦ ਹਵਾ ਚਲਦੀ ਹੈ ਤਾਂ 
ਸਾਰੇ ਦਰਖਤ ਹਿਲਦੇ ਨੇ 
ਕੋਈ ਰਹਿ ਤਾਂ ਨਹੀਂ ਜਾਂਦਾ
 ਪਰ ਮੈਂ ਨਹੀਂ ਚਾਹੁੰਦੀ ਕਿ
ਉਹਨਾਂ ਨੂੰ ਟਿਊਸ਼ਨ ਪੜਾਉਣ ਵਾਲਾ
ਤਨਹਾਈ ਚ ਬੈਠਾ 
ਕਿੱਥੇ ਸਕਿਨ ਕਲਰ  ਦੀ ਨੇਲ
ਪੋਲਿਸ਼ ਨਾ ਦੇਖਦਾ ਰਹਿ ਜਾਵੇ

ਇਸ਼ਕ ਪੂਰਾ ਹੀ ਹੋ ਜਾਏ ਤਾਂ ਚੰਗਾ
ਕਹਿੰਦੇ ਨੇ ਜੇ ਹੀਰ ਤੇ ਰਾਂਝੇ ਦਾ 
ਵਿਆਹ ਹੋ ਜਾਂਦਾ ਤਾਂ ਸ਼ਾਇਦ ਰਾਂਝਾ
ਰੋਟੀ ਪਾਣੀ ਦੇ ਚੱਕਰ ਚ ਪਿਆ ਰਹਿੰਦਾ
ਪਰ ਮਾੜਾ ਵੀ ਤਾਂ ਨਹੀਂ 
ਜੇ ਇਸ਼ਕ ਪੂਰਾ ਹੋ ਜਾਵੇ
12 ਸਾਲ ਰਾਂਝਾ 
ਹਮੇਸ਼ਾ ਮੱਝੀਆਂ ਹੀ ਕਿਉਂ ਚਰਾਵੇ?
ਘਰ ਬੈਠ ਕੇ ਹੀਰ
ਦੀਆਂ ਪੱਕੀਆਂ ਰੋਟੀਆਂ 
ਕਿਉਂ ਨਾ ਖਾਵੇ?
26.03.2024