Thursday, December 22, 2022

ਗੱਲਾਂ ਚੋਂ ਗੱਲ, ਗਿਆਰਾਂ ਨੰਬਰ ਦੀ ਜੁੱਤੀ

ਗੱਲਾਂ ਚੋਂ ਗੱਲ, ਗਿਆਰਾਂ ਨੰਬਰ ਦੀ ਜੁੱਤੀ

ਦੇਸੀ ਮਹੀਨਿਆਂ ਦਾ ਪੋਹ ਚਡ਼ ਗਿਆ ਹੈ। ਅੱਜਕਲ ਠੰਡ ਪੈਣ ਕਰਕੇ ਜਿਨ੍ਹਾਂ ਖਾਣ ਵਾਲੀਆਂ ਚੀਜ਼ਾਂ ਦੀ ਤਾਸੀਰ ਗਰਮ ਹੈ ਉਹ ਮਾਰਕਿਟ ਚ ਆ ਗਈਆਂ ਨੇ, ਮੂੰਗਫਲੀ ਉਹਨਾਂ ਚੋਂ ਇੱਕ ਹੈ। ਇਹਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। 
ਪੰਜਾਬ ਚ ਮੂੰਗਫਲੀ ਰੇਤ ਚ ਭੁੰਨੀ ਜਾਂਦੀ ਹੈ। ਜਿਸ  ਮੂੰਗਫਲੀ ਦਾ ਛਿੱਲੜ ਟੁੱਟਾ ਹੋਵੇ,  ਉਸ ਚ ਜਦ ਰੇਤ ਚਲੀ ਜਾਂਦੀ ਤਾਂ ਉਹ ਮੂੰਹ ਚ ਕਿਰਕ ਬਣਕੇ ਆ ਜਾਂਦੀ ਤਾਂ ਸੁਆਦ ਕਿਰਕਿਰਾ ਹੋ ਜਾਂਦਾ। ਸਾਡੇ ਵੱਲੋਂ ਮੂੰਗਫਲੀ ਨਾਲ ਗੁਡ਼ ਖਾਂਦੇ ਨੇ ਕਿ ਖੁਸ਼ਕੀ ਹੋ ਕੇ ਖੰਘ ਨਾ ਹੋ ਜਾਵੇ। 
ਮੈਨੂੰ ਯਾਦ ਹੈ,  ਛੋਟੇ ਹੁੰਦਿਆਂ, ਸਰਦੀਆਂ ਚ ਅਸੀਂ ਆਪਣੇ ਵਿਹੜੇ ਚ ਧੁੱਪੇ  ਬੈਠਕੇ ਮੁੰਗਫਲੀ ਖਾਣੀ।  ਸਾਡੇ ਟਿਤਾ ਜੀ ਦੇ ਮਿੱਤਰ,  ਸ਼ਿਵਜਿੰਦਰ ਕੇਦਾਰ ਹੋਰਾਂ ਨੇ ਅਕਸਰ ਆ ਜਾਣਾ।  ਅਸੀਂ ਗੱਲਬਾਤ ਕਰੀ ਜਾਣੀ ਤੇ ਮੂੰਗਲੀ ਖਾਈ ਜਾਣੀ। ਅੰਕਲ ਨੇ ਇੱਕ ਗੱਲ ਕਹਿਣੀ,  ਦੇਖੋ ਜੇ ਤਾਂ ਇੱਕਲੇ ਹੋਜਾ ਦੋ ਜਣੇ,  ਤਾਂ ਇਸਦਾ ਛਿੱਲੜ ਉਤਾਰ ਕੇ ਗਡ਼ ਨਾਲ ਤੱਸਲੀ ਨਾਲ ਖਾਓ,  ਪਰ ਜੇ 8 -10ਜਣੇ ਹੋਣ ਤਾਂ ਇਸਦਾ ਛਿੱਲੜ ਉਤਾਰੇ ਬਿਨਾਂ ਖਾਓ ਤਾਂ ਜਿਆਦਾ ਖਾ ਸਕੋਂਗੇ। 😀😀
ਉਸ ਸਮੇਂ ਇਹ ਮੋਬਾਈਲ ਨਾਂ ਦਾ ਪ੍ਰਾਣੀ ਸਾਡੇ ਹੱਥਾਂ ਚ ਨਹੀਂ ਸੀ, ਜੀਵਨ ਦਾ ਹਰ ਰੰਗ ਖੁਦ ਮਾਣਦੇ ਸੀ, ਖੁੱਲੀ ਧੁੱਪ ਲੈਣੀ, ਗੱਲਾਂ ਬਾਤਾਂ ਮਾਰ ਲੈਣੀਆਂ। 
ਇੱਥੇ ਉਤਰਾਖੰਡ ਚ ਇਹ ਲੂਣ ਚ ਭੁੰਨੀ ਜਾਂਦੀ ਹੈ। ਮੂੰਗਫਲੀ ਖਾਣ ਲਈ ਉਹੀ ਲੂਣ ਨਾਲ ਦਿੱਤਾ ਜਾਂਦਾ ਹੈ।  ਇਸਦੇ ਦਾਣੇ ਮੂੰਹ ਚ ਪਾਕੇ ਉੱਤੋਂ ਉਂਗਲੀ ਨਾਲ ਇਹ ਲੂਣ ਮੂੰਹ ਚ ਪਾ ਲਓ ਜਾਂ ਸੱਧਾ ਜੀਭ ਤੇ ਲਾ ਲਓ। ਅੱਗ ਦੇ ਸੇਕ ਨਾਲ ਇਸ ਲੂਣ ਦਾ ਸੁਆਦ ਬਹੁਤ ਵਧੀਆ ਹੋ ਜਾਂਦਾ ਹੈ,  ਜੋ ਕਿ ਆਮ ਤੌਰ ਤੇ ਨਹੀਂ ਮਿਦਾ। ਇਹ ਵੀ ਵਧੀਆ ਸੁਆਦ ਦੇ ਜਾਂਦੀ ਹੈ।  ਹਲਾਂਕਿ ਮੈਂ ਬਾਅਦ ਚ ਗੁਡ਼ ਖਾ ਲੈਂਦਾ ਹਾਂ।  
ਕੱਲ ਸ਼ਾਮ ਮੈਂ ਸਾਇਕਲ ਤੇ ਬਜਾਰ ਇੱਕ ਕੰਮ ਗਿਆ।  ਆਉਂਦੇ ਹੋਏ ਇੱਕ ਬੰਦਾ ਬੰਦ ਦੁਕਾਨ ਦੇ ਮੂਹਰੇ ਬੈਠਾ,  ਇੰਝ ਜਾਪ ਰਿਹਾ ਸੀ ਉਹ ਗਾਹਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਪਰ ਕੋਈ ਨਾ ਆਉਣ ਕਰਕੇ ਉਸਦਾ ਚਿਹਰਾ ਉਦਾਸ ਵੀ ਲੱਗਾ। 
ਮੈਂ ਸਾਇਕਲ ਤੇ ਅਗਾਂਹ ਨਿਕਲ ਗਿਆ,  ਪਰ ਮੈਂ ਸੋਚਿਆ ਜਿਸਦਾ ਇਹ ਇੰਤਜ਼ਾਰ ਕਰ ਰਿਹਾ,  ਉਹ ਮੈਂ ਹੀ ਤਾਂ ਨਹੀਂ? 
ਸਾਇਕਲ ਘੁਮਾਇਆ ਤੇ ਉੱਥੋਂ ਮੂੰਫਲੀ ਲਈ। ਉਸਨੇ ਦਸ ਦਸ ਦੇ ਸਿੱਕੇ ਵਾਪਸ ਕੀਤੇ ਤੇ ਮੈਂ ਅੱਗੇ ਮਾਸਕ ਖਰੀਦਣ ਲੱਗਾ।  30 ਦੇ 6 ਮਾਸਕ ਸਨ,  ਮੈਂ ਪੈਸੇ ਦਿੱਤੇ ਤਾਂ ਮੁੰਡਾ ਕਹਿੰਦਾ,  ਇਹ 25 ਨੇ। ਮੈਂ ਸੋਚਿਆ,  ਉਸ ਮੂੰਗਫਲੀ ਵਾਲੇ ਨੇ ਹੀ ਘੱਟ ਦਿੱਤੇ।  ਮੁੰਡਾ ਕਹਿੰਦਾ ਕੋਈ ਗੱਲ ਨਹੀਂ।  ਮੈਂ ਦੁਬਾਰਾ ਬਟੂਏ ਚ ਵੇਖਿਆ ਤਾਂ 5 ਦਾ ਇੱਕ ਸਿੱਕਾ ਹੋਰ ਮਿਲ ਗਿਆ। ਮੈਨੂੰ ਆਪਣੇ ਆਪ ਤੇ ਤੁਰੰਤ ਸ਼ਰਮਿੰਦਗੀ ਮਹਿਸੂਸ ਹੋਈ, ਮੈਂ ਕਿੰਨੀ ਛੇਤੀ ਇਹ ਨਿਰਣਾ ਕੀਤਾ ਕਿ ਉਸ ਬੰਦੇ ਨੇ 5 ਰੁ ਘੱਟ ਦਿੱਤੇ।  ਜੇ ਮੈਂ ਦੁਬਾਰਾ ਨਾ ਵੇਖਦਾ ਤਾਂ...।  ਮੈਂ ਸੋਚਿਆ,  ਦੁਨੀਆ ਚ 90 %  ਝਗੜੇ ਇਸੇ ਕਰਕੇ ਨੇ।  ਅਸੀਂ ਆਪਣੇ ਆਪ ਨੂੰ ਵੇਖਦੇ ਨਹੀਂ, ਝੱਟ ਦੂਜੇ ਤੇ ਇਲਜਾਮ ਲਗਾ ਦਿੰਦੇ ਹਾਂ। 
ਮੈਂ ਸਾਇਕਲ ਤੇ ਮੁੰਗਫਲੀ ਖਾਂਦਾ ਘਰ ਆ ਗਿਆ।  ਫਿਰ ਬੇਟੇ ਤੇ ਘਰਵਾਲੀ ਨੇ ਵੀ ਮੂੰਗਫਲੀ ਖਾਧੀ।  ਜਦ ਮੈਂ ਆਪਣੀ ਇਹ ਗੱਲ ਦੱਸੀ ਤਾਂ ਬੇਟਾ ਕਹਿੰਦਾ,  ਤਦ ਹੀ ਮੈਂ ਸੋਚਾਂ ਕਿ ਇੰਨੀ ਘੱਟ ਕਿਵੇਂ ਰਹਿ ਗਈ, ਮੂੰਗਫਲੀ। ਪਰ ਉਸਨੇ ਹੈਰਾਨੀ ਨਾਲ ਪੁੱਛਿਆ,  ਕਮਾਲ ਆ,  ਤੁਸੀਂ ਸਾਇਕਲ ਚਲਾਉਂਦੇ ਹੋਏ ਵੀ ਮੂੰਗਫਲੀ ਖਾਂਦੇ ਰਹੇ। 
ਮੈਂ ਕਿਹਾ,  ਬੇਟੇ ਇਹੀ ਤਾਂ ਫਾਇਦਾ ਹੈ, ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋਏ ਤੁਸੀਂ ਇਹ ਨਹੀਂ ਕਰ ਸਕਦੇ। ਪੈਦਲ ਚੱਲਣਾ ਤਾਂ ਹੋਰ ਵੀ ਵਧੀਆ। 
ਕੱਲ ਸਾਇਕਲ ਖਰਾਬ ਸੀ, ਮੈਂ ਪੈਦਲ ਤੁਰ ਪਿਆ। ਬੇਟਾ ਹੈਰਾਨ ਸੀ। ਮੈਂ ਕਿਹਾ,  ਬੇਟੈ ਇਹ ਗਾਰਾਂ ਨੰਬਰ ਦੀ ਜੁੱਤੀ ਜੋ ਰੱਬ ਨੇ ਦੱਤੀ ਆ,  ਇਸ ਚ ਨਾ ਪੈਟਰੋਲ ਪੈਂਦਾ,  ਨਾ ਇਹ ਪੈੰਚਰ ਹੁੰਦੀ ਆ,  ਇਸਦਾ ਜਿੰਨਾ ਜਿਆਦਾ ਇਸਤੇਮਾਲ ਕਰੋਂਗੇ ਓਨਾੰ ਹੀ ਵਧੀਆ। 
ਕੱਲ ਇਹ ਗੱਲ ਮਨਦੀਪ ਨੂੰ ਫੋਨ ਤੇ ਦੱਸ ਰਿਹਾ ਸੀ,  ਉਹ ਕਹਿੰਦਾ,  ਗਿਆਰਾਂ ਨੰਬਰ ਦੀ ਕਿਹੜੀ ਜੁੱਤੀ? 
ਮੈਂ ਇੱਕ ਪੈਰ ਇੱਕ ਜੁੱਤੀ , ਦੂਜਾ ਪੈਰ ਦੂਜੀ ਜੁੱਤੀ। ਕਹਿੰਦੇ ਨੇ,"ਇੱਕ ਤੇ ਮਿਲਕੇ  ਗਿਆਰਾਂ ਹੁੰਦੇ ਨੇ"  ਤੇ ਹੋ ਗਈ ਗਿਆਰਾਂ ਨੰਬਰ ਦੀ ਜੁੱਤੀ।  
ਉਹ ਕਿੰਦਾ, ਇਸਤੇ ਤਾਂ ਇੱਕ ਬਲਾਗ ਲਿਖਿਆ ਜਾ ਸਕਦਾ,  ਤਾਂ ਅੱਜ ਲਿਖ ਦਿੱਤਾ।

ਫਿਰ ਮਿਲਾਂਗਾ ਇੱਕ ਨਵਾਂ ਕਿੱਸਾ ਲੈ ਕੇ। 

ਆਪਦਾ ਆਪਣਾ 
ਰਜਨੀਸ਼ ਜੱਸ 
ਰੁਦਰਪੁਰ, ਊਧਮ ਸਿੰਘ ਨਗਰ
ਉਤਰਾਖੰਡ 
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
ਪੰਜਾਬ